ਈਰਾਨ-ਇਜ਼ਰਾਈਲ ਸੰਘਰਸ਼ ਤੋਂ ਅਮਰੀਕਾ ਨੂੰ ਦੂਰ ਰਹਿਣ ਦੀ ਚੇਤਾਵਨੀ ਦਿੰਦਿਆਂ ਈਰਾਨ ਨੇ ਹਮਲੇ ਦਾ ਕੀਤਾ ਬਚਾਅ, ਦੁਨੀਆ ਦੇ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ
ਨਵੀਂ ਦਿੱਲੀ, 14 ਅਪ੍ਰੈਲ (ਹਿ.ਸ.)। ਇਜ਼ਰਾਈਲ-ਹਮਾਸ ਦੇ ਸੰਘਰਸ਼ ਦਰਮਿਆਨ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੰਘਰਸ਼ ਦਾ ਨਵਾਂ ਮੋ
15


ਨਵੀਂ ਦਿੱਲੀ, 14 ਅਪ੍ਰੈਲ (ਹਿ.ਸ.)। ਇਜ਼ਰਾਈਲ-ਹਮਾਸ ਦੇ ਸੰਘਰਸ਼ ਦਰਮਿਆਨ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੰਘਰਸ਼ ਦਾ ਨਵਾਂ ਮੋਰਚਾ ਖੁੱਲ੍ਹਣ ਕਾਰਨ ਪੂਰੀ ਦੁਨੀਆ ਚਿੰਤਾਵਾਂ ’ਚ ਘਿਰੀ ਹੋਈ ਹੈ। ਈਰਾਨ ਨੇ ਐਤਵਾਰ ਸਵੇਰੇ ਇਜ਼ਰਾਈਲ 'ਤੇ ਜਿਸ ਤਰ੍ਹਾਂ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਉਸਦੀ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਸਖਤ ਨਿੰਦਾ ਕੀਤੀ। ਭਾਰਤ ਸਮੇਤ ਜ਼ਿਆਦਾਤਰ ਦੇਸ਼ਾਂ ਨੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕੂਟਨੀਤਕ ਰਾਹ ਅਪਣਾਉਣ 'ਤੇ ਜ਼ੋਰ ਦਿੱਤਾ। ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਤਵਾਰ ਸ਼ਾਮ ਨੂੰ ਇਸ ਮੁੱਦੇ 'ਤੇ ਹੰਗਾਮੀ ਬੈਠਕ ਬੁਲਾਈ ਹੈ।

ਹਮਲੇ ਤੋਂ ਬਚਾਅ, ਅਮਰੀਕਾ ਨੂੰ ਚੇਤਾਵਨੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਈਰਾਨ ਨੇ ਅਮਰੀਕਾ ਨੂੰ ਇਸ ਸੰਘਰਸ਼ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਈਰਾਨ ਨੇ ਇਜ਼ਰਾਈਲ ਨੂੰ ਫਿਰ ਤੋਂ ਧਮਕੀ ਦਿੱਤੀ ਹੈ ਕਿ ਜੇਕਰ ਉਸਦੇ ਪਾਸਿਓਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਸਥਾਈ ਮਿਸ਼ਨ ਨੇ ਕਿਹਾ, ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 51 ਦੇ ਆਧਾਰ 'ਤੇ ਦਮਿਸ਼ਕ ਵਿਚ ਈਰਾਨੀ ਦੂਤਾਵਾਸ 'ਤੇ ਹਮਲੇ ਦੇ ਜਵਾਬ ਵਿਚ ਫੌਜੀ ਕਾਰਵਾਈ ਕੀਤੀ ਗਈ ਸੀ। ਮਾਮਲਾ ਹੁਣ ਖ਼ਤਮ ਸਮਝਿਆ ਜਾ ਸਕਦਾ ਹੈ। ਹਾਲਾਂਕਿ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਜ਼ਰਾਈਲ ਨੇ ਇਕ ਹੋਰ ਗਲਤੀ ਕੀਤੀ ਤਾਂ ਇਸਦੇ ਨਤੀਜੇ ਬਹੁਤ ਮਾੜੇ ਹੋਣਗੇ। ਇਹ ਸੰਘਰਸ਼ ਈਰਾਨ ਅਤੇ ਇਜ਼ਰਾਈਲ ਵਿਚਕਾਰ ਹੈ, ਅਮਰੀਕਾ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ।

ਕਿਸੇ ਵੀ ਹਮਲੇ ਲਈ ਪੂਰੀ ਤਰ੍ਹਾਂ ਤਿਆਰ : ਨੇਤਨਯਾਹੂ

ਈਰਾਨ ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਸਾਲਾਂ ਤੋਂ ਈਰਾਨ ਦੇ ਸਿੱਧੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਸਾਡੀ ਰੱਖਿਆ ਪ੍ਰਣਾਲੀ ਤਾਇਨਾਤ ਹੈ ਅਤੇ ਅਸੀਂ ਕਿਸੇ ਵੀ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਇੱਕ ਮਜ਼ਬੂਤ ਬਲ ਹੈ।'' ਉਨ੍ਹਾਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਸਮੇਤ ਉਨ੍ਹਾਂ ਦੇਸ਼ਾਂ ਦੀ ਪ੍ਰਸ਼ੰਸਾ ਕੀਤੀ ਜੋ ਉਨ੍ਹਾਂ ਦੇ ਸਮਰਥਨ 'ਚ ਖੜ੍ਹੇ ਹਨ।

ਇਜ਼ਰਾਈਲ ਦੀ ਰੱਖਿਆ ਲਈ ਵਚਨਬੱਧ : ਅਮਰੀਕਾ

ਇਜ਼ਰਾਈਲ ਦਾ ਸਮਰਥਨ ਕਰਨ ਦੀ ਵਚਨਬੱਧਤਾ ਦਿਖਾਉਂਦੇ ਹੋਏ ਅਮਰੀਕਾ ਨੇ ਕਿਹਾ ਕਿ ਇਜ਼ਰਾਈਲ ਦੀ ਰੱਖਿਆ ਸਾਡੀ ਵਚਨਬੱਧਤਾ ਹੈ ਅਤੇ ਅਮਰੀਕੀ ਬਲਾਂ ਨੇ ਈਰਾਨੀ ਮਿਜ਼ਾਈਲਾਂ ਨੂੰ ਡੇਗ ਦਿੱਤਾ। ਖੇਤਰ ਵਿੱਚ ਅਮਰੀਕੀ ਬਲ ਇਜ਼ਰਾਈਲ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰ ਰਹੇ ਹਨ।

ਉਥੇ ਹੀ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਈਰਾਨ ਵਲੋਂ ਇਜ਼ਰਾਈਲ ਖਿਲਾਫ ਜਵਾਬੀ ਹਮਲੇ 'ਚ ਡਰੋਨ ਅਤੇ ਮਿਜ਼ਾਈਲਾਂ ਦਾਗੇ ਜਾਣ ਤੋਂ ਬਾਅਦ ਮੱਧ ਪੂਰਬ 'ਚ ਵਧੇ ਤਣਾਅ ਨੂੰ ਲੈ ਕੇ ਚੀਨ ਬੇਹੱਦ ਚਿੰਤਤ ਹੈ। ਮੰਤਰਾਲੇ ਦੀ ਵੈੱਬਸਾਈਟ 'ਤੇ ਪੋਸਟ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਚੀਨ ਨੇ ਸੰਬੰਧਤ ਧਿਰਾਂ ਨੂੰ ਸ਼ਾਂਤ ਰਹਿਣ ਅਤੇ ਤਣਾਅ ਨੂੰ ਵਧਣ ਤੋਂ ਰੋਕਣ ਲਈ ਸੰਜਮ ਵਰਤਣ ਦੀ ਅਪੀਲ ਕੀਤੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande