ਡੀ. ਸੀ. ਗੁਰਦਾਸਪੁਰ ਨੇ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ
ਗੁਰਦਾਸਪੁਰ, 25 ਅਪ੍ਰੈਲ (ਹਿ. ਸ.)। ਖੇਤਾਂ ’ਚ ਫ਼ਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਸਮੱਸਿਆ ਦੇ ਸਾਰਥਿਕ ਹੱਲ ਲਈ ਕੀਤੇ
ਗੁਰਦਾਸਪੁਰ


ਗੁਰਦਾਸਪੁਰ, 25 ਅਪ੍ਰੈਲ (ਹਿ. ਸ.)। ਖੇਤਾਂ ’ਚ ਫ਼ਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਸਮੱਸਿਆ ਦੇ ਸਾਰਥਿਕ ਹੱਲ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਗੁਰਦਾਸਪੁਰ ਬਲਾਕ ਦੇ ਪਿੰਡ ਕੋਟ ਮੋਹਨ ਲਾਲ ਅਤੇ ਤਤਲੇ ਵਿਖੇ ਪਹੁੰਚ ਕੇ ਸਰਫੇਸ ਸੀਡਰ ਨਾਲ ਬੀਜ਼ੀ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਵੱਲੋਂ ਸੁਪਰ ਸੀਡਰ ਅਤੇ ਹੋਰ ਵਿਧੀਆਂ ਨਾਲ ਬੀਜੀ ਗਈ ਕਣਕ ਦੇ ਖੇਤਾਂ ਦਾ ਵੀ ਦੌਰਾ ਕੀਤਾ ਅਤੇ ਨਾਲ ਹੀ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਕੋਲੋਂ ਇਸ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਰਫੇਸ ਸੀਡਰ ਨਾਲ ਕਣਕ ਬੀਜਣ ਵਾਲੇ ਪਿੰਡ ਕੋਟ ਮੋਹਨ ਲਾਲ ਦੇ ਕਿਸਾਨ ਪਰਮਿੰਦਰ ਸਿੰਘ ਅਤੇ ਪਿੰਡ ਤਤਲੇ ਦੇ ਕਿਸਾਨ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੀ ਹਾਲਤ ਕਾਫ਼ੀ ਵਧੀਆ ਹੈ ਅਤੇ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਇਸ ਫ਼ਸਲ ਦੀ ਬਿਜਾਈ ਕਰਨ ਨਾਲ ਨਦੀਨਾਂ ਦੀ ਸਮੱਸਿਆ ਵੀ ਘੱਟ ਹੋਈ ਹੈ ਅਤੇ ਬਿਜਾਈ ਕਰਨ ਤੋਂ ਲੈ ਕੇ ਹੁਣ ਤੱਕ ਖ਼ਰਚੇ ਵੀ ਘਟੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦੱਸਿਆ ਹੈ ਕਿ ਇਸ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਵਿੱਚ ਪ੍ਰਤੀ ਏਕੜ 2500 ਦੇ ਕਰੀਬ ਖੇਤੀ ਖਰਚਾ ਘਟਿਆ ਹੈ ਤੇ ਬਾਰਸ਼ਾਂ ਦੌਰਾਨ ਇਹ ਫ਼ਸਲ ਡਿੱਗਣ ਦੀ ਸਮੱਸਿਆ ਵੀ ਨਹੀਂ ਆਈ। ਇਸ ਨਾਲ ਜਿੱਥੇ ਸਿੱਧੇ ਤੌਰ ਤੇ ਕਿਸਾਨਾਂ ਨੂੰ ਆਰਥਿਕ ਫ਼ਾਇਦਾ ਹੋਵੇਗਾ ਓਥੇ ਖੇਤਾਂ ਵਿਚਲੀ ਰਹਿੰਦ ਖੂੰਹਦ ਨੂੰ ਬਹੁਤ ਆਸਾਨੀ ਨਾਲ ਨਿਪਟਾ ਕੇ ਕਣਕ ਦੀ ਬਿਜਾਈ ਆਸਾਨੀ ਨਾਲ ਕਰਨ ਦਾ ਇੱਕ ਵਧੀਆ ਬਦਲ ਵੀ ਉਪਲਬਧ ਹੋਇਆ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਾਂਝੇ ਕੀਤੇ ਗਏ ਤਜਰਬਿਆਂ ਅਤੇ ਹੋਰ ਤਕਨੀਕੀ ਜਾਣਕਾਰੀ ਸੰਬੰਧੀ ਸਾਰੀ ਰਿਪੋਰਟ ਤਿਆਰ ਕਰਵਾ ਕੇ ਉਹ ਉੱਚ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਇਸ ਵਿਧੀ ਨਾਲ ਕਣਕ ਦੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਲੋੜੀਂਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਹਿੰਦ ਖੂੰਹਦ ਦਾ ਨਿਪਟਾਰਾ ਵੱਖ ਵੱਖ ਤਕਨੀਕਾਂ ਅਪਣਾ ਕੇ ਕਰਨ ਅਤੇ ਕਿਸੇ ਵੀ ਹਾਲਤ ਵਿੱਚ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੋਰ ਬਲਾਕਾਂ ਵਿੱਚ ਵੀ ਕਿਸਾਨਾਂ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੇ ਬਹੁਤ ਸਫਲ ਤਜਰਬੇ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਕਿਸਾਨ ਵੀ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਰਹਿੰਦ ਖੂੰਹਦ ਨੂੰ ਆਸਾਨੀ ਨਾਲ ਨਿਪਟਾਉਣ ਲਈ ਇਹ ਸੌਖਾ ਤਰੀਕਾ ਅਪਣਾਉਣਗੇ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande