ਵੋਟ ਫੀਸਦੀ 70 ਤੋਂ ਪਾਰ ਦੇ ਯਤਨਾਂ ਤਹਿਤ ਸਕੂਲਾਂ ਦੇ ਸਵੀਪ ਨੋਡਲ ਅਫ਼ਸਰਾਂ ਲਈ ਮੀਟਿੰਗ-ਕਮ-ਟ੍ਰੇਨਿੰਗ ਕਰਵਾਈ
ਮੋਗਾ, 25 ਅਪ੍ਰੈਲ (ਹਿ. ਸ.)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ਼)-ਕਮ-ਸ
ਮੋਗਾ


ਮੋਗਾ, 25 ਅਪ੍ਰੈਲ (ਹਿ. ਸ.)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ਼)-ਕਮ-ਸਵੀਪ ਨਡਲ ਅਫ਼ਸਰ ਸ਼ੁਭੀ ਆਂਗਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦੀ ਨੂੰ 70 ਤੋਂ ਪਾਰ ਕਰਨ ਲਈ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰੇਕ ਵਰਗ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਹਰੇਕ ਹਲਕੇ ਵਿੱਚ ਸਵੀਪ ਗਤੀਵਿਧੀਆਂ ਨੂੰ ਜੰਗੀ ਪੱਧਰ ਉੱਪਰ ਜਾਰੀ ਰੱਖਿਆ ਜਾ ਰਿਹਾ ਹੈ।

ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਹਲਕਾ ਨਿਹਾਲ ਸਿੰਘ ਵਾਲਾ, ਮੋਗਾ ਅਤੇ ਧਰਮਕੋਟ ਵਿੱਚ ਸਕੂਲਾਂ ਦੇ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ-ਕਮ-ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਨਿਹਾਲ ਸਿੰਘ ਵਾਲਾ ਵਿੱਚ ਐਸ.ਡੀ.ਐਮ. ਸਿਵਾਤੀ ਟਿਵਾਣਾ, ਧਰਮਕੋਟ ਵਿੱਚ ਐਸ.ਡੀ.ਐਮ. ਜਸਪਾਲ ਸਿੰਘ ਅਤੇ ਮੋਗਾ ਵਿੱਚ ਇਹ ਟ੍ਰੇਨਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਲਦੇਵ ਸਿੰਘ ਯੋਧਾਂ, ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ ਘਾਲੀ, ਡਾਈਟ ਪ੍ਰਿੰਸੀਪਲ ਮੈਡਮ ਮਮਤਾ ਦੀ ਅਗਵਾਈ ਵਿੱਚ ਆਯੋਜਿਤ ਹੋਈ। ਇਸ ਮੌਕੇ ਵੱਖ-ਵੱਖ ਹਲਕਿਆਂ ਦੇ ਸਵੀਪ ਨੋਡਲ ਅਫ਼ਸਰ ਜਿਵੇਂ ਕਿ ਨਿਹਾਲ ਸਿੰਘ ਵਾਲਾ ਵਿੱਚ ਕੁਲਵਿੰਦਰ ਸਿੰਘ, ਮੋਗਾ ਵਿੱਚ ਅਮਨਦੀਪ ਗੋਸਵਾਮੀ, ਧਰਮਕੋਟ ਵਿੱਚ ਪਰਮਿੰਦਰ ਸਿੰਘ ਹਾਜ਼ਰ ਸਨ। ਸਮੂਹ ਨੂੰ ਸਵੀਪ ਨੋਡਲ ਅਫ਼ਸਰ ਸੁਭੀ ਆਂਗਰਾ ਤਰਫੋਂ ਸਵੀਪ ਗਤੀਵਿਧੀਆਂ ਹੋਰ ਤੇਜ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।

ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਜਰੀਏ ਵੱਖ ਹਲਕਿਆਂ ਦੇ ਅਧੀਨ ਆਉਂਦੇ ਸਮੂਹ ਸਕੂਲਾਂ ਦੇ ਸਵੀਪ ਨੋਡਲ ਅਫ਼ਸਰਾਂ ਨਾਲ ਇਹ ਮੀਟਿੰਗ-ਕਮ-ਟ੍ਰੇਨਿੰਗ ਆਯੋਜਿਤ ਕਰਵਾਈ ਗਈ ਹੈ। ਇਸ ਟ੍ਰੇਨਿੰਗ ਵਿੱਚ ਸਕੂਲਾਂ ਦੇ ਸਵੀਪ ਨੋਡਲ ਅਫ਼ਸਰਾਂ ਨੂੰ ਸਕੂਲਾਂ ਵਿੱਚ ਇਲੈਕਟ੍ਰੋਲ ਲਿਟਰੇਸੀ ਕਲੱਬਾਂ ਦਾ ਗਠਨ, ਇਹ ਕਲੱਬ ਕਿਵੇਂ ਕੰਮ ਕਰਦੇ ਹਨ, ਕਿਵੇਂ ਇਨ੍ਹਾਂ ਨਾਲ ਵੋਟ ਫੀਸਦੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਨਵੀਂ ਵੋਟ ਬਣਾਉਣ ਬਾਰੇ, ਵੋਟਰ ਹੈਲਪਲਾਈਨ ਐਪ, ਦਿਵਿਆਂਗਜਨਾਂ ਲਈ ਸਹਾਈ ਸਕਸ਼ਮ ਐਪ, ਵੋਟਾਂ ਦੀ ਸ਼ਿਕਾਇਤ ਲਈ ਸਹਾਈ ਸੀਵਿਜ਼ਲ ਐਪ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਕਿਵੇਂ ਭਰਿਆ ਜਾ ਸਕਦਾ ਹੈ ਬਾਰੇ ਵੀ ਦੱਸਿਆ ਗਿਆ। ਇਹ ਟ੍ਰੇਨਿੰਗ ਲਗਾਤਾਰ ਦੋ ਘੰਟੇ ਚੱਲੀ ਜਿਸ ਵਿੱਚ ਸਕੂਲਾਂ ਦੇ ਸਵੀਪ ਨੋਡਲ ਅਫ਼ਸਰਾਂ ਦੇ ਸੁਆਲਾਂ ਦੇ ਜੁਆਬ ਜਾਂ ਚੋਣਾਂ ਪ੍ਰਤੀ ਸ਼ੰਕਿਆਂ ਨੂੰ ਦੂਰ ਕੀਤਾ ਗਿਆ। ਇਸ ਮੌਕੇ ਈ.ਐਲ.ਸੀ. ਕਲੱਬਾਂ ਦੀ ਸਮੱਗਰੀ ਦੀ ਵੰਡ ਵੀ ਕੀਤੀ ਗਈ। ਸਕੂਲੀ ਵਿਦਿਆਰਥੀਆਂ ਆਪਣੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰ ਸਾਕ ਸਬੰਧੀਆਂ ਨੂੰ ਵੋਟ ਦੇ ਅਧਿਕਾਰ ਦਾ ਲਾਜ਼ਮੀ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਬਾਰੇ ਵੀ ਇਸ ਟ੍ਰੇਨਿੰਗ ਵਿੱਚ ਦੱਸਿਆ ਗਿਆ।

ਸ਼ੁਭੀ ਆਂਗਰਾ ਨੇ ਦੱਸਿਆ ਕਿ 2 ਮਈ, 2024 ਨੂੰ ਪ੍ਰੇਅਰ ਟਾਈਮ ਵਿੱਚ ਜ਼ਿਲ੍ਹਾ ਮੋਗਾ ਦੇ ਸਾਰੇ ਸਕੂਲ ਆਪਣੇ ਆਪਣੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਸਮੇਤ ਵੋਟਰ ਪ੍ਰਣ ਲੈਣਗੇ ਕਿ ਉਹ ਸਾਰੇ 1 ਜੂਨ, 2024 ਨੂੰ ਖੁਦ, ਆਪਣੇ ਪਰਿਵਾਰ ਦੀਆਂ ਵੋਟਾਂ ਪੁਆਉਣੀਆਂ ਯਕੀਨੀ ਬਣਾਉਣਗੇ ਅਤੇ ਹੋਰ ਸਾਰੇ ਜਰੂਰਤਮੰਦਾਂ ਦੀ ਵੀ ਵੋਟ ਪਾਉਣ ਵਿੱਚ ਮੱਦਦ ਕਰਨਗੇ।ਇਸ ਟ੍ਰੇਨਿੰਗ ਵਿੱਚ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲ ਜਿਹਨਾਂ ਕੋਲ ਟ੍ਰਾਂਸਪੋਰਟ ਦੀ ਸਹੂਲਤ ਹੈ ਉਹ ਆਪਣੀਆਂ ਸਕੂਲੀ ਵੈਨਾਂ ਉੱਪਰ ਵੋਟਰ ਜਾਗਰੂਕਤਾ ਪੋਸਟਰ ਜਰੂਰ ਲਗਾਉਣ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾ ਆਈਕਨਜ਼ ਔਰਤਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕੰਮ ਕਰ ਰਹੀਆਂ ਹਨ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande