ਲਾਹੌਰ, 18 ਜਨਵਰੀ (ਹਿੰ.ਸ.)। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖਾਨ ਅਲ-ਕਾਦਿਰ ਟਰੱਸਟ ਮਾਮਲੇ 'ਚ ਸ਼ੁੱਕਰਵਾਰ ਨੂੰ ਅਦਾਲਤ ਦਾ ਫੈਸਲਾ ਸੁਣ ਕੇ ਹੱਸ ਪਏ। ਉਨ੍ਹਾਂ ਦੀ ਭੈਣ ਅਲੀਮਾ ਖਾਨ ਨੇ ਅੱਜ ਇਹ ਦਾਅਵਾ ਕੀਤਾ। ਅਲੀਮਾ ਮੁਤਾਬਕ ਉਨ੍ਹਾਂ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੇ ਸਭ ਕੁਝ ਅੱਲ੍ਹਾ 'ਤੇ ਛੱਡ ਦਿੱਤਾ ਹੈ।
ਜ਼ਿਓ ਨਿਉਜ਼ ਦੀ ਖ਼ਬਬ ਦੇ ਅਨੁਸਾਰ, ਅਲੀਮਾ ਖਾਨ ਨੇ ਸ਼ਨੀਵਾਰ ਨੂੰ ਲਾਹੌਰ ਦੀ ਇੱਕ ਅਦਾਲਤ ਦੇ ਬਾਹਰ ਮੀਡੀਆ ਨੂੰ ਕਿਹਾ ਕਿ ਜਦੋਂ ਪੀਟੀਆਈ ਸੰਸਥਾਪਕ ਨੇ ਫੈਸਲਾ ਸੁਣਿਆ ਤਾਂ ਉਹ ਹੱਸ ਪਏ ਅਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਮਾਮਲਾ ਅੱਲ੍ਹਾ ਨੂੰ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ।
72 ਸਾਲਾ ਇਮਰਾਨ ਖਾਨ ਨੂੰ ਕਰੀਬ 200 ਮਾਮਲਿਆਂ 'ਚ ਮੁਲਜ਼ਮ ਬਣਾਇਆ ਗਿਆ ਹੈ। ਉਹ ਅਗਸਤ 2023 ਤੋਂ ਰਾਵਲਪਿੰਡੀ ਕੇਂਦਰੀ ਜੇਲ੍ਹ (ਅਡਿਆਲਾ ਜੇਲ੍ਹ) ਵਿੱਚ ਬੰਦ ਹਨ। ਪੀਟੀਆਈ ਦਾ ਦਾਅਵਾ ਹੈ ਕਿ ਅਲ-ਕਾਦਿਰ ਟਰੱਸਟ ਮਾਮਲੇ ਵਿੱਚ ਸਜ਼ਾ ਦਾ ਫੈਸਲਾ ਸੰਘੀ ਸਰਕਾਰ ਦੇ ਇਸ਼ਾਰੇ 'ਤੇ ਆਇਆ ਹੈ। ਫੈਡਰਲ ਸਰਕਾਰ ਉਨ੍ਹਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਮਰਾਨ ਖਾਨ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਜੇਲ੍ਹ ਦੇ ਅੰਦਰ ਅਸਥਾਈ ਅਦਾਲਤ ਦੇ ਅੰਦਰ ਪੱਤਰਕਾਰਾਂ ਨੂੰ ਕਿਹਾ, ਮੈਂ ਨਾ ਤਾਂ ਕੋਈ ਸੌਦਾ ਕਰਾਂਗਾ ਅਤੇ ਨਾ ਹੀ ਕੋਈ ਰਾਹਤ ਮੰਗਾਂਗਾ।
ਭੈਣ ਅਲੀਮਾ ਨੇ ਕਿਹਾ ਕਿ ਇਹ ਫੈਸਲਾ ਹਾਈ ਕੋਰਟ ਵਿੱਚ ਨਹੀਂ ਟਿਕ ਸਕੇਗਾ। ਪੀਟੀਆਈ ਦੇ ਸੰਸਥਾਪਕ ਵਿਰੁੱਧ ਸਾਰੇ ਕੇਸ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਨੂੰ ਅਦਾਲਤਾਂ ਨੇ ਚਾਰ ਵਾਰ ਦੋਸ਼ੀ ਠਹਿਰਾਇਆ। ਦੋ ਮਾਮਲਿਆਂ ਵਿੱਚ ਸਜ਼ਾਵਾਂ ਨੂੰ ਪਲਟ ਦਿੱਤਾ ਗਿਆ। ਬਾਕੀ ਦੋ ਮਾਮਲਿਆਂ ਵਿੱਚ ਸਜ਼ਾ ਮੁਅੱਤਲ ਕਰ ਦਿੱਤੀ ਗਈ। ਫੈਡਰਲ ਸਰਕਾਰ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਹੈ ਕਿ ਇਹ ਫੈਸਲਾ ਪੂਰੀ ਤਰ੍ਹਾਂ ਸਬੂਤਾਂ 'ਤੇ ਆਧਾਰਿਤ ਹੈ। ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸਿਰੇ ਨਾ ਚੜ੍ਹ ਸਕੀਆਂ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ