ਬੀਜਿੰਗ, 02 ਜਨਵਰੀ (ਹਿੰ.ਸ.)। ਬੈਡਮਿੰਟਨ ਓਲੰਪਿਕ ਚੈਂਪੀਅਨ ਹੁਆਂਗ ਯਾਕਿਓਂਗ ਨੇ ਅਧਿਕਾਰਤ ਤੌਰ 'ਤੇ ਆਪਣੇ ਰਾਸ਼ਟਰੀ ਟੀਮ ਦੇ ਕਰੀਅਰ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਉਪਰੋਕਤ ਐਲਾਨ ਕੀਤਾ।
ਹੁਆਂਗ ਨੇ ਲਿਖਿਆ, ਸਾਰਿਆਂ ਨੇ ਮੈਨੂੰ ਅਣਗਿਣਤ ਹੱਲਾਸ਼ੇਰੀ ਦਿੱਤੀ ਹੈ, ਉਮੀਦ ਹੈ ਕਿ ਮੈਂ ਆਪਣਾ ਕਰੀਅਰ ਜਾਰੀ ਰੱਖ ਸਕਾਂਗੀ। ਪਰ ਅਸਲ ਵਿੱਚ, ਪੈਰਿਸ ਓਲੰਪਿਕ ਦੀ ਤਿਆਰੀ ਦੇ ਬਾਅਦ ਤੋਂ ਹੀ, ਮੈਂ ਪੈਰਿਸ ਓਲੰਪਿਕ ਨੂੰ ਆਪਣਾ ਆਖਰੀ ਓਲੰਪਿਕ ਮੰਨਿਆ ਸੀ। ਹਾਲਾਂਕਿ ਮੇਰੀ ਮੌਜੂਦਾ ਫਾਰਮ ਦੇ ਆਧਾਰ ’ਤੇ, ਮੇਰੇ ਕੋਲ ਅਜੇ ਵੀ ਮੁਕਾਬਲਾ ਕਰਨ ਦੀ ਸਰੀਰਕ ਯੋਗਤਾ ਹੈ, ਪਰ ਪਿਛਲੇ ਸਾਲਾਂ ਦੌਰਾਨ ਲੱਗੀਆਂ ਸੱਟਾਂ ਅਤੇ ਵਧਦੀ ਉਮਰ ਨੇ ਮੈਨੂੰ ਦੇਸ਼ ਲਈ ਮਾਣ ਜਿੱਤਣ ਅਤੇ ਇੱਕ ਮਹਾਨ ਅਥਲੀਟ ਵਜੋਂ ਫਾਰਮ ਨੂੰ ਬਰਕਰਾਰ ਰੱਖਣ ਦੇ ਮਿਸ਼ਨ ਨੂੰ ਜਾਰੀ ਰੱਖਣ ਲਈ ਆਤਮਵਿਸ਼ਵਾਸ਼ ਦੀ ਕਮੀ ਕਰ ਦਿੱਤੀ ਹੈ।
ਤਿੰਨ ਸਾਲ ਪਹਿਲਾਂ ਟੋਕੀਓ ਓਲੰਪਿਕ ਵਿੱਚ ਉਪ ਜੇਤੂ ਰਹਿਣ ਤੋਂ ਬਾਅਦ, ਹੁਆਂਗ ਅਤੇ ਉਨ੍ਹਾਂ ਦੀ ਜੋੜੀਦਾਰ ਝ਼ੇਂਗ ਸਿਵੇਈ ਨੇ ਪੈਰਿਸ ਓਲੰਪਿਕ ਵਿੱਚ ਅਜੇਤੂ ਰਹਿੰਦੇ ਹੋਏ ਇੱਕ ਵੀ ਸੈੱਟ ਗੁਆਏ ਬਿਨਾਂ 6-0 ਦੇ ਰਿਕਾਰਡ ਨਾਲ ਮਿਕਸਡ ਡਬਲਜ਼ ਸੋਨ ਤਮਗਾ ਜਿੱਤਿਆ। ਝ਼ੇਂਗ ਨੇ ਵੀ ਪਿਛਲੇ ਸਾਲ ਨਵੰਬਰ ਵਿਚ ਐਲਾਨ ਕੀਤਾ ਸੀ ਕਿ ਉਹ ਅੰਤਰਰਾਸ਼ਟਰੀ ਮੁਕਾਬਲੇ ਤੋਂ ਸੰਨਿਆਸ ਲੈ ਲੈਣਗੇ। ਆਪਣੇ ਆਖਰੀ ਅੰਤਰਰਾਸ਼ਟਰੀ ਮੁਕਾਬਲੇ ਵਿੱਚ, ਇਸ ਜੋੜੀ ਨੇ ਪਿਛਲੇ ਮਹੀਨੇ ਸਾਲ ਦੇ ਅੰਤ ਵਿੱਚ ਬੈਡਮਿੰਟਨ ਵਿਸ਼ਵ ਫੈਡਰੇਸ਼ਨ ਵਰਲਡ ਟੂਰ ਫਾਈਨਲਜ਼ ਵਿੱਚ ਲਗਾਤਾਰ ਤੀਜੀ ਚੈਂਪੀਅਨਸ਼ਿਪ ਜਿੱਤੀ ਸੀ।
ਹੁਆਂਗ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਰਾਸ਼ਟਰੀ ਟੀਮ ਛੱਡ ਦਿੱਤੀ ਹੈ ਪਰ ਬੈਡਮਿੰਟਨ ਨਾਲ ਉਨ੍ਹਾਂ ਦਾ ਰਿਸ਼ਤਾ ਅਜੇ ਵੀ ਅਟੁੱਟ ਹੈ। ਉਹ ਅਜੇ ਵੀ ਆਪਣੇ ਤਰੀਕੇ ਨਾਲ ਖੇਡ ਵਿੱਚ ਯੋਗਦਾਨ ਦੇਣਗੇ। ਉਨ੍ਹਾਂ ਨੇ ਕਿਹਾ, ''ਬੈਡਮਿੰਟਨ ਮੇਰਾ ਜੀਵਨ ਭਰ ਦਾ ਟੀਚਾ ਹੈ ਅਤੇ ਮੈਂ ਇਸ ਲਈ ਆਪਣਾ ਸਭ ਕੁਝ ਦੇਣ ਲਈ ਤਿਆਰ ਹਾਂ।’’
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ