ਨਵੀਂ ਦਿੱਲੀ, 23 ਅਕਤੂਬਰ (ਹਿੰ.ਸ.)। ਓਲੰਪਿਕ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਨੂੰ ਅਗਲੇ ਸਾਲ ਹੋਣ ਵਾਲੇ 2026 ਸਰਦ ਰੁੱਤ ਓਲੰਪਿਕ ਲਈ ਮਸ਼ਾਲ-ਧਾਰਕ (Torch-bearer) ਵਜੋਂ ਚੁਣਿਆ ਗਿਆ ਹੈ। ਇਹ ਖੇਡ ਸਮਾਗਮ 6 ਤੋਂ 22 ਫਰਵਰੀ, 2026 ਤੱਕ ਮਿਲਾਨ ਅਤੇ ਕੋਰਟੀਨਾ ਡੀ'ਐਂਪੇਜ਼ੋ (ਇਟਲੀ) ਵਿੱਚ ਆਯੋਜਿਤ ਕੀਤਾ ਜਾਵੇਗਾ।
ਅਭਿਨਵ ਬਿੰਦਰਾ ਨੇ ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਲਿਖਿਆ, ਮਿਲਾਨੋ ਕੋਰਟੀਨਾ 2026 ਓਲੰਪਿਕ ਮਸ਼ਾਲ ਰਿਲੇਅ ਲਈ ਮਸ਼ਾਲਧਾਰੀ ਵਜੋਂ ਚੁਣਿਆ ਜਾਣਾ ਮੇਰੇ ਲਈ ਸੱਚਮੁੱਚ ਸਨਮਾਨ ਦੀ ਗੱਲ ਹੈ। ਓਲੰਪਿਕ ਮਸ਼ਾਲ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੀ ਹੈ - ਇਹ ਸੁਪਨਿਆਂ, ਲਗਨ ਅਤੇ ਖੇਡ ਰਾਹੀਂ ਵਿਸ਼ਵਵਿਆਪੀ ਏਕਤਾ ਦਾ ਪ੍ਰਤੀਕ ਹੈ। ਇਸਨੂੰ ਦੁਬਾਰਾ ਚੁੱਕਣਾ ਮੇਰੇ ਲਈ ਸਨਮਾਨ ਅਤੇ ਪ੍ਰੇਰਨਾ ਦੋਵੇਂ ਹੈ। ਇਸ ਸ਼ਾਨਦਾਰ ਸਨਮਾਨ ਲਈ ਮਿਲਾਨੋ ਕੋਰਟੀਨਾ 2026 ਦਾ ਧੰਨਵਾਦ।ਬਿੰਦਰਾ ਨੇ 2008 ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਇਹ ਚੌਥੀ ਵਾਰ ਹੋਵੇਗਾ ਜਦੋਂ ਇਟਲੀ ਸਰਦੀਆਂ ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਇਸ ਐਡੀਸ਼ਨ ਵਿੱਚ 16 ਵਿਸ਼ਿਆਂ ਵਿੱਚ ਕੁੱਲ 116 ਤਗਮੇ ਸ਼ਾਮਲ ਹੋਣਗੇ, ਜੋ ਕਿ ਬੀਜਿੰਗ 2022 ਦੇ ਮੁਕਾਬਲੇ ’ਚ ਸੱਤ ਈਵੈਂਟ ਅਤੇ ਇੱਕ ਨਵਾਂ ਵਿਸ਼ਾ ਵੱਧ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ