
ਬਰਨਾਲਾ, 29 ਅਕਤੂਬਰ (ਹਿੰ. ਸ.)। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਬਰਨਾਲਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਵਿਚ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਕੈਬਨਿਟ ਦੇ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਮੁਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਫ਼ੈਸਲੇ ਨਾਲ ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਮਿਲੇਗੀ। ਸ਼ਹਿਰ ਨੂੰ ਮਿਲਦੇ ਵਿਕਾਸ ਫੰਡਾਂ ਵਿੱਚ ਹੋਰ ਵਾਧਾ ਹੋਵੇਗਾ। ਇਸ ਫੈਸਲੇ ਲਈ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦਾ ਵੀ ਧੰਨਵਾਦ ਕੀਤਾ।
ਓਨ੍ਹਾਂ ਕਿਹਾ ਕਿ ਓਨ੍ਹਾਂ ਦਾ ਇੱਕੋ ਹੀ ਮਕਸਦ ਹੈ ਵਿਕਾਸ ਅਤੇ ਓਨ੍ਹਾਂ ਨੇ ਹਮੇਸ਼ਾ ਵਿਕਾਸ 'ਤੇ ਜ਼ੋਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਬਰਨਾਲਾ ਵਿੱਚ ਕਰੋੜਾਂ ਦੇ ਕੰਮ ਕਰਵਾਏ ਜਾ ਰਹੇ ਹਨ ਤੇ ਨਗਰ ਨਿਗਮ ਬਣਨ ਨਾਲ ਬਰਨਾਲੇ ਨੂੰ ਕਈ ਨਵੀਆਂ ਸਕੀਮਾਂ ਅਧੀਨ ਸੈਂਕੜੇ ਕਰੋੜਾਂ ਦੇ ਫੰਡ ਮਿਲਣਗੇ ਅਤੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ