
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 29 ਅਕਤੂਬਰ (ਹਿੰ. ਸ.)। ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਪੰਜਾਬ ਤਕਨੀਕੀ ਸੰਸਥਾਵਾਂ ਸਪੋਰਟਸ (ਪੀ.ਟੀ.ਆਈ.ਐਸ) ਦੀ ਨਿਰਦੇਸ਼ਨਾ ਵਿਚ ਤਿੰਨ ਰੋਜ਼ਾ ਰਾਜ ਪੱਧਰੀ ਖੇਡਾਂ ਬੈਡਮਿੰਟਨ ਅਤੇ ਟੈਬਿਲ ਟੈਨਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਰਕਸ਼ਾ ਕਿਰਨ ਵੱਲੋਂ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਰਕਸ਼ਾ ਕਿਰਨ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹਨਾਂ ਖੇਡਾਂ ਦਾ ਮੁੱਖ ਮਕਸਦ ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਕਰਨਾ ਹੈ। ਪੀ.ਟੀ.ਆਈ.ਐਸ. ਦੇ ਕਾਰਜਕਾਰੀ ਮੈਂਬਰ ਅਤੇ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ 35 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਹੋਏ ਟੇਬਲ ਟੈਨਿਸ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਨੇ ਸਤਿਗੁਰੂ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਲੁਧਿਆਣਾ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।
ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਕਾਲਜ ਅਮ੍ਰਿਤਸਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰਨਾਂ ਨੂੰ ਜ਼ਿਲ੍ਹਾ ਖੇਡ ਅਫਸਰ ਰੂਪੇਸ਼ ਕੁਮਾਰ ਨੇ ਤਕਸੀਮ ਕੀਤੇ। ਕਾਲਜ ਦੇ ਖੇਡ ਅਧਿਕਾਰੀ ਅਵਨੀਸ਼ ਕੁਮਾਰ, ਐਸ.ਆਰ.ਸੀ ਪ੍ਰਧਾਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਬੈਡਮਿੰਟਨ ਦੇ ਕੁਆਟਰ ਫਾਈਨਲ ਵਿੱਚ ਮੇਹਰ ਚੰਦ ਜਲੰਧਰ, ਸਰਕਾਰੀ ਪੌਲੀਟੈਕਨਿਕ ਕਾਲਜ ਰੋਪੜ, ਸਰਕਾਰੀ ਪੌਲੀਟੈਕਨਿਕ ਕਾਲਜ ਬਹਿਰਾਮ, ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ, ਸਰਕਾਰੀ ਪੌਲੀਟੈਕਨਿਕ ਕਾਲਜ ਲੁਧਿਆਣਾ, ਸਰਕਾਰੀ ਪੌਲੀਟੈਕਨਿਕ ਜਲੰਧਰ, ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਅਤੇ ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ ਲੁਧਿਆਣਾ ਨੇ ਪ੍ਰਵੇਸ਼ ਕੀਤਾ। ਟੈਬਲ ਟੈਨਿਸ ਲੜਕੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ, ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ, ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਨੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਹਨਾਂ ਮੁਕਾਬਲਿਆਂ ਦਾ ਆਯੋਜਨ ਸਕੱਤਰ ਐਸ.ਆਰ.ਸੀ ਪ੍ਰਭਦੀਪ ਸਿੰਘ, ਪ੍ਰੋ: ਪਰਮਿੰਦਰ ਸਿੰਘ ਸੈਣੀ ਅਤੇ ਹਰਕੇਸ਼ ਕੁਮਾਰ ਦੀ ਅਗਵਾਈ ਵਿਚ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ