
ਚੰਡੀਗੜ੍ਹ, 7 ਦਸੰਬਰ (ਹਿੰ. ਸ.)। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਲਈ ਘੇਰਦਿਆ ਕਿਹਾ ਕਿ ਪੰਜਾਬ ਦੇ ਸੁਪਰ ਸੀ. ਐਮ. ਅਰਵਿੰਦ ਕੇਜਰੀਵਾਲ ਨੇ 7 ਨਵੰਬਰ ਨੂੰ ਤਰਨਤਾਰਨ 'ਚ ਗੈਂਗਸਟਰਾਂ ਨੂੰ 7 ਦਿਨਾਂ 'ਚ ਪੰਜਾਬ ਛੱਡਣ ਦੀ ਚੁਣੌਤੀ ਦਿੱਤੀ ਸੀ। ਚੁਣੌਤੀ ਦੇ ਕੇ ਕੇਜਰੀਵਾਲ ਤਾਂ ਖੁਦ ਗਾਇਬ ਹੋ ਗਏ ਪਰ ਗੈਂਗਸਟਰਾਂ ਨੇ ਇਸ ਨੂੰ ਚੁਣੌਤੀ ਦੇ ਰੂਪ 'ਚ ਲੈ ਲਿਆ। ਉਦੋਂ ਤੋਂ ਕੋਈ ਦਿਨ ਅਜਿਹਾ ਨਹੀਂ ਹੈ ਜਦੋਂ ਪੰਜਾਬ ਵਿੱਚ ਖੂਨ ਨਾ ਵਗ ਰਿਹਾ ਹੋਵੇ। ਇਹ ਸਭ ਕੁਝ ਉਦੋਂ ਹੈ ਜਦੋਂ ਪੰਜਾਬ 'ਚ 17 ਡੀ. ਜੀ. ਪੀ., 13 ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਹਨ। ਜਾਖੜ ਨੇ ਕਿਹਾ ਕਿ ਰੋਜ਼ਾਨਾ ਫਿਰੌਤੀ ਮੰਗਣ ਤੇ ਨਹੀਂ ਮਿਲਣ 'ਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਜਾਖੜ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਕਾਮਯਾਬ ਹੋਣ 'ਤੇ ਵਰਦੀ ਵਾਲੇ ਫਿਰੌਤੀ ਮੰਗ ਰਹੇ ਹਨ।
ਜਾਖੜ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਗਾਰੰਟੀ ਦਿੰਦੇ ਹਨ ਕਿ ਸੂਬੇ 'ਚ ਭਾਜਪਾ ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਵਰਦੀਧਾਰੀ ਗੁੰਡਾਗਰਦੀ ਤੋਂ ਮੁਕਤੀ ਦਿਵਾਈ ਜਾਵੇਗੀ। ਅਜਿਹੇ ਲੋਕਾਂ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ ਕਿਉਂਕਿ ਭਾਜਪਾ ਕੋਲ ਹੀ ਉਹ ਇੱਛਾ ਸ਼ਕਤੀ ਹੈ ਜੋ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਕਾਬੂ ਕਰ ਸਕਦੀ ਹੈ।ਜਾਖੜ ਨੇ ਦੋਸ਼ ਲਾਇਆ ਕਿ ਅਸਲ ਵਿੱਚ ਲੈਂਡ ਪੂਲਿੰਗ ਪਾਲਿਸੀ ਫੇਲ੍ਹ ਹੋਣ ਤੋਂ ਬਾਅਦ ਸੱਤਾ 'ਚ ਬੈਠੇ ਲੋਕਾਂ ਨੇ ਪੁਲਿਸ ਨੂੰ ਨਾਜਾਇਜ਼ ਵਸੂਲੀ ਦੇ ਕੰਮ 'ਚ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਪ੍ਰਤੀ ਜਵਾਬਦੇਹ ਪੁਲਿਸ ਅਧਿਕਾਰੀ ਸੱਤਾ ਦੇ ਦਬਾਅ ਹੇਠ ਝੁਕ ਗਏ ਹਨ ਤੇ ਹੁਣ ਉਹ 'ਆਪ' ਨੇਤਾਵਾਂ ਲਈ ਨਾ ਸਿਰਫ਼ ਚੋਣਾਂ ਲੁੱਟਣ ਵਰਗੇ ਗੈਰ-ਲੋਕਤੰਤਰੀ ਕੰਮਾਂ 'ਚ ਲੱਗੇ ਹੋਏ ਹਨ, ਬਲਕਿ ਕਈ ਵਰਦੀਧਾਰੀ ਜਨਤਾ 'ਤੇ ਦਬਾਅ ਬਣਾ ਕੇ ਨਾਜਾਇਜ਼ ਵਸੂਲੀ ਵਿੱਚ ਵੀ ਸ਼ਾਮਲ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਹੀ ਏਜੰਸੀ ਸੀ ਜਿਸ ਨੇ ਪੰਜਾਬ ਪੁਲਿਸ ਦੇ ਉਸ ਅਧਿਕਾਰੀ ਨੂੰ ਫੜਿਆ ਜੋ ਜਨਤਾ ਤੋਂ ਨਾਜਾਇਜ਼ ਵਸੂਲੀ ਕਰ ਰਿਹਾ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ ਦੀ ਜਨਤਾ ਭਾਜਪਾ ਨੂੰ ਮੌਕਾ ਦੇਵੇ, ਤਾਂ ਅਜਿਹੇ ਵਰਦੀਧਾਰੀ ਵਸੂਲੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇੱਕ ਸਮਰੱਥ ਫੋਰਸ ਹੈ ਅਤੇ ਹਰ ਟੀਚਾ ਪੂਰਾ ਕਰ ਸਕਦੀ ਹੈ, ਪਰ ਕੁਝ ਵਰਦੀਧਾਰੀਆਂ ਨੇ ਪੁਲਿਸ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ