
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਿੰ. ਸ.)।ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਖੇਤੀਬਾੜੀ, ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀਪਾਲਣ ਅਤੇ ਡੇਅਰੀ ਵਿਕਾਸ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਅਤੇ ਰਾਹੁਲ ਭੰਡਾਰੀ ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਵਿੱਚ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ 7ਵੇਂ ਗੇੜ ਦੀ ਟੀਕਾਕਰਨ ਮਹਿੰਮ ਚਲਾਈ ਜਾ ਰਹੀ ਹੈ ਅਤੇ 03 ਨਵੰਬਰ 2025 ਤੱਕ 101850 ਪਸ਼ੂਆਂ ਦੇ ਟੀਕੇ ਲਗਾ ਦਿੱਤੇ ਗਏ ਹਨ। ਇਹ ਜਾਣਕਾਰੀ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਡਾਇਰੈਕਟਰ ਡਾ. ਗੁਰਦਿੱਤ ਸਿੰਘ ਔਲਖ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਇਹ ਟੀਕਾਕਰਨ ਮਹਿੰਮ ਮਿਤੀ 15/10/2025 ਤੋਂ 28/11/2025 ਤੱਕ ਚਲਾਈ ਜਾਵੇਗੀ, ਜਿਸ ਦੌਰਾਨ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਮੁਫਤ ਟੀਕੇ ਲਗਾਏ ਜਾਣਗੇ। ਉਨ੍ਹਾਂ ਨੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਅ ਦੇ ਟੀਕੇ ਜਰੂਰ ਲਗਵਾਏ ਜਾਣ ਤਾਂ ਕਿ ਭਵਿੱਖ ਵਿੱਚ ਇਸ ਬਿਮਾਰੀ ਤੋ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕੇ। ਜੇਕਰ ਕੋਈ ਵੀ ਪਸ਼ੂ ਪਾਲਕ ਇਸ ਸਬੰਧੀ ਹੋਰ ਜਾਣਕਾਰੀ ਲੈਣੀ ਚਹੁੰਦਾ ਹੋਵੇ ਤਾਂ ਆਪਣੇ ਨੇੜਲੇ ਪਸ਼ੂ ਹਸਪਤਾਲ/ਡਿਸਪੈਂਸਰੀ ਨਾਲ ਤਾਲਮੇਲ ਕਰ ਸਕਦਾ ਹੈ।
ਉਹਨਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਵੈਕਸੀਨੇਸ਼ਨ ਨੂੰ ਸਮਾਂਬੱਧ ਤਰੀਕੇ ਨਾਲ ਮਕੁੰਮਲ ਕੀਤਾ ਜਾਵੇ ਅਤੇ ਵੈਕਸੀਨ ਦੀ ਕੋਲਡ ਚੇਨ ਨੂੰ ਮਨਟੇਨ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇ ਕਿ ਉੱਤਮ ਨਸਲ ਦੇ ਸੈਕਸਡ ਸੀਮਨ, ਕਿਸਾਨ ਕਰੈਡਿਟ ਕਾਰਡ ਅਤੇ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ ਗਈ ਹੈ। ਉੱਤਮ ਨਸਲ ਦੇ ਵੱਛੀਆਂ ਵਾਲੇ ਟੀਕੇ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਉਪਲੱਬਧ ਹਨ ਜਿਸ ਦਾ ਪਸ਼ੂ ਪਾਲਕਾਂ ਵੱਲੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਅਵਾਰਾ ਪਸ਼ੂਆਂ ਦੀ ਗਿਣਤੀ ਘਟਾਈ ਜਾ ਸਕੇ। ਵੈਟਨਰੀ ਪੋਲੀਕਲੀਨਿਕ ਬਾਦਲ ਵਿਖੇ ਬਿਮਾਰ ਪਸ਼ੂਆਂ ਨੂੰ ਦਾਖਲ ਕਰਕੇ ਇਲਾਜ ਕਰਨ ਦੀ ਸਹੂਲਤ ਉੱਪਲੱਬਧ ਹੈ।
ਉਹਨਾਂ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਜਿਲ੍ਹੇ ਵਿੱਚ 12 ਪੈੱਟ ਸ਼ਾਪਸ ਅਤੇ ਡਾਗ ਬਰੀਡਰ ਪਸ਼ੂ ਪਾਲਣ ਵਿਭਾਗ ਵੱਲੋਂ ਰਜਿਸਟਰ ਕੀਤੇ ਗਏ ਹਨ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਡਾਗ ਬਰੀਡਰਾਂ ਤੋਂ ਹੀ ਕੁੱਤਿਆਂ ਦੇ ਬੱਚੇ ਖਰੀਦਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ