ਮੋਹਾਲੀ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਗ੍ਰਿਫਤਾਰ, ਇੱਕ ਫਰਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ (ਹਿੰ. ਸ.)। ਜ਼ਿਲਾ ਪੁਲਿਸ ਨੇ ਕੁਝ ਦਿਨ ਪਹਿਲਾਂ ਗੁੰਮ ਹੋਏ ਵਿਅਕਤੀ ਅਨਿਲ ਕੁਮਾਰ ਦੇ ਕਤਲ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਵਿੱਚੋਂ ਦੋ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਦ
.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ (ਹਿੰ. ਸ.)। ਜ਼ਿਲਾ ਪੁਲਿਸ ਨੇ ਕੁਝ ਦਿਨ ਪਹਿਲਾਂ ਗੁੰਮ ਹੋਏ ਵਿਅਕਤੀ ਅਨਿਲ ਕੁਮਾਰ ਦੇ ਕਤਲ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਵਿੱਚੋਂ ਦੋ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ

ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਦਿਲਪ੍ਰੀਤ ਸਿੰਘ ਆਈਪੀਐਸ ਅਤੇ ਉਪ ਕਪਤਾਨ ਪੁਲਿਸ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਮਿਤੀ 29 ਅਕਤੂਬਰ ਨੂੰ ਮੋਹਾਲੀ ਦੇ ਫੇਸ ਅੱਠ ਥਾਣਾ ਵਿਖੇ ਦਰਜ ਮੁਕਦਮਾ ਨੰਬਰ 110 ਅਧੀਨ ਧਾਰਾ 127 (4), 3 (5) ਅਤੇ ਵਾਧਾ ਜੁਰਮ 140 (3), 103 (1) ਭਾਰਤੀ ਨਿਆਂ ਸੰਘਤਾ ਤਹਿਤ ਗੁਮਸ਼ੁਦਾ ਅਨਿਲ ਕੁਮਾਰ ਵਾਸੀ ਮਾਨਸਾ ਹਾਲ ਵਾਸੀ ਕੁੰਭੜਾ ਦੀ ਤਲਾਸ਼ ਲਈ ਐਸਐਚ ਓ ਸਤਨਾਮ ਸਿੰਘ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ ਸੀ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਅਨਿਲ ਕੁਮਾਰ ਨੂੰ ਨਾਮਲੂਮ ਵਿਅਕਤੀਆਂ ਵੱਲੋਂ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਨੂੰ ਕਿਧਰੇ ਖਪਾ ਦਿੱਤਾ ਗਿਆ ਹੈ। ਨਤੀਜੇ ਵਜੋਂ 3 ਨਵੰਬਰ ਨੂੰ ਉਕਤ ਮੁਕਦਮੇ ਵਿੱਚ ਜੁਰਮ ਵਿੱਚ ਵਾਧਾ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਤੇ ਸੈਕਟਰ 53 ਚੰਡੀਗੜ੍ਹ ਦੇ ਜੰਗਲਾਂ ਵਿੱਚੋਂ ਮ੍ਰਿਤਿਕ ਅਨਿਲ ਕੁਮਾਰ ਦੀ ਲਾਸ਼ ਬਰਾਮਦ ਕੀਤੀ ਗਈ। ਕਤਲ ਲਈ ਵਰਤਿਆ ਗਿਆ ਹਥਿਆਰ ਅਤੇ ਮ੍ਰਿਤਕ ਦਾ ਮੋਟਰਸਾਈਕਲ ਬਰਾਮਦ ਕਰਨਾ ਬਾਕੀ ਹੈ।

ਦੋਸ਼ੀਆਂ ਵਿੱਚੋਂ ਛੋਟੇ ਲਾਲ ਉਰਫ ਨੀਰਜ ਪੁੱਤਰ ਪਰਸ਼ੂ ਰਾਮ ਵਾਸੀ ਪਿੰਡ ਕਜਹੇੜੀ ਚੰਡੀਗੜ੍ਹ ਅਤੇ ਬਾਦਲ ਪੁੱਤਰ ਰਾਮ ਦੁਲਾਰ ਪਿੰਡ ਕਜਹੇੜੀ ਚੰਡੀਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਸਾਹਿਲ ਕਾਬੜੀਆ ਪੁੱਤਰ ਸੰਤੋਖ ਗੋਤਮ ਵਾਸੀ ਪਿੰਡ ਕਜਹੇੜੀ ਚੰਡੀਗੜ ਦੀ ਗ੍ਰਿਫ਼ਤਾਰੀ ਬਾਕੀ ਹੈ।

ਉਨ੍ਹਾਂ ਦੱਸਿਆ ਕਿ ਕਤਲ ਦੀ ਵਜ੍ਹਾ ਰੰਜਸ਼ ਇਹ ਹੈ ਕਿ ਪਿੰਡ ਕਜਹੇੜੀ ਵਿੱਚ ਰਹਿੰਦੀ ਲੜਕੀ ਦਾ ਛੋਟੇ ਲਾਲ ਮੂੰਹ ਬੋਲਿਆ ਭਰਾ ਬਣਿਆ ਹੋਇਆ ਸੀ, ਮ੍ਰਿਤਕ ਅਨਿਲ ਕੁਮਾਰ ਨੇ ਕਰੀਬ ਇੱਕ ਮਹੀਨੇ ਪਹਿਲਾਂ ਉਸ ਲੜਕੀ ਦੀ ਕੁੱਟਮਾਰ ਕੀਤੀ ਸੀ।

ਉਹਨਾਂ ਦੱਸਿਆ ਕਿ ਦੋਵਾਂ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਪੁੱਛ ਗਿੱਛ ਦੌਰਾਨ ਜੇਕਰ ਫ਼ਰਾਰ ਦੋਸ਼ੀ ਤੋਂ ਇਲਾਵਾ ਕਿਸੇ ਹੋਰ ਦੀ ਸ਼ਮੂਲੀਅਤ ਵੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande