
ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਹਿੰ. ਸ.)। ਕਿਸੇ ਸਮੇਂ ਸ਼ਹਿਰ ਸੁਨਾਮ ਦੀ ਸ਼ਾਨ ਵਜੋਂ ਜਾਣੇ ਜਾਂਦੇ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਪੁਰਾਤਨ ਦਿੱਖ ਅਤੇ ਸ਼ਾਨੋ ਸ਼ੌਕਤ ਮੁੜ ਬਹਾਲ ਹੋ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸਦੀ 36 ਲੱਖ ਰੁਪਏ ਦੀ ਲਾਗਤ ਨਾਲ ਪੂਰੀ ਤਰ੍ਹਾਂ ਕਾਇਆ ਕਲਪ ਕਰਨ ਉਪਰੰਤ ਇਸਨੂੰ ਲੋਕ ਅਰਪਿਤ ਕਰ ਦਿੱਤਾ ਗਿਆ ਹੈ। ਇਸ ਦਾ ਉਦਘਾਟਨ ਅਮਨ ਅਰੋੜਾ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਦਰਵਾਜ਼ੇ ਦੇ ਮੁੜ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ ਅਤੇ ਉਹਨਾਂ ਵੱਲੋਂ ਲੱਡੂ ਅਤੇ ਮਠਿਆਈਆਂ ਦੀ ਵੰਡ ਕੀਤੀ ਗਈ।
ਇਸ ਮੌਕੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਇਕ ਵਿਰਾਸਤੀ ਸ਼ਹਿਰ ਹੈ। ਇਸ ਸ਼ਹਿਰ ਦਾ ਬੜਾ ਗੌਰਵਮਈ ਅਤੇ ਪੁਰਾਤਨ ਇਤਿਹਾਸ ਹੈ ਪਰ ਇਸ ਸ਼ਹਿਰ ਨਾਲ ਲੰਮਾ ਸਮਾਂ ਅਣਦੇਖੀ ਹੁੰਦੀ ਰਹੀ। ਜਿਸ ਕਾਰਨ ਇਥੋਂ ਦੀਆਂ ਵਿਰਾਸਤੀ ਇਮਾਰਤਾਂ ਬਹੁਤ ਖ਼ਸਤਾ ਹਾਲਤ ਵਿੱਚ ਚਲੀਆਂ ਗਈਆਂ। ਇਸ ਦਰਵਾਜ਼ੇ ਦੀ ਹਾਲਤ ਐਨੀ ਖ਼ਸਤਾ ਹੋ ਗਈ ਸੀ ਕਿ ਨਾਲ ਲੱਗਦੀਆਂ ਕਈ ਦੁਕਾਨਾਂ ਅਤੇ ਦੁਕਾਨਦਾਰਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਸੀ।
ਉਹਨਾਂ ਕਿਹਾ ਕਿ ਇਹ ਸ਼ਹਿਰ ਪ੍ਰਸਿੱਧ ਅਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦਾ ਸ਼ਹਿਰ ਹੈ। ਹੋ ਸਕਦਾ ਹੈ ਕਿ ਕਦੇ ਊਧਮ ਸਿੰਘ ਜੀ ਨਾਲ ਲੱਗਦੇ ਰੇਲਵੇ ਸਟੇਸ਼ਨ ਉੱਤੋਂ ਉੱਤਰ ਕੇ ਇਸ ਦਰਵਾਜ਼ੇ ਰਾਹੀਂ ਗੁਜਰੇ ਹੋਣ। ਇਸ ਕਰਕੇ ਅਜਿਹੇ ਇਤਿਹਾਸਿਕ ਸਥਾਨ ਸਾਂਭਣੇ ਸਾਡੀ ਜਿੰਮੇਵਾਰੀ ਹੈ। ਇਹ ਦਰਵਾਜ਼ਾ ਫੂਲਕੀਆ ਮਿਸਲ ਦੀ ਕਿਲਾ ਮੁਬਾਰਕ ਇਮਾਰਤਸਾਜ਼ੀ ਦਾ ਨਮੂਨਾ ਹੈ। ਪਰ ਹੁਣ ਤੱਕ ਦੀਆਂ ਸਰਕਾਰਾਂ ਨੇ ਅਜਿਹੀਆਂ ਇਮਾਰਤਾਂ ਨੂੰ ਹਮੇਸ਼ਾਂ ਅਣਦੇਖਾ ਹੀ ਕੀਤਾ। ਉਹਨਾਂ ਕਿਹਾ ਕਿ ਵਿਰਾਸਤੀ ਇਮਾਰਤਾਂ ਸਾਡੇ ਬਜ਼ੁਰਗਾਂ ਦੀ ਤਰ੍ਹਾਂ ਹੁੰਦੀਆਂ ਹਨ, ਜਿਵੇਂ ਸਾਨੂੰ ਆਪਣੇ ਬਜ਼ੁਰਗ ਸੰਭਾਲਣੇ ਪੈਂਦੇ ਹਨ ਉਵੇਂ ਹੀ ਇਹ ਇਮਾਰਤਾਂ ਵੀ ਸੰਭਾਲ ਮੰਗਦੀਆਂ ਹਨ।
ਉਹਨਾਂ ਕਿਹਾ ਕਿ ਸੂਬੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ ਦੇ ਤੁਰੰਤ ਬਾਅਦ ਉਹਨਾਂ ਨੇ ਇਸ ਜਗ੍ਹਾ ਦਾ ਦੌਰਾ ਕੀਤਾ ਸੀ ਅਤੇ ਸਥਾਨਕ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਦਰਵਾਜ਼ੇ ਨੂੰ ਸੰਭਾਲਿਆ ਜਾਵੇਗਾ ਅਤੇ ਇਸ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਕੰਮ ਲਈ ਪੁਰਾਤਤਵ ਵਿਭਾਗ ਅਤੇ ਸੈਰ ਸਪਾਟਾ ਵਿਭਾਗ ਨੂੰ ਨਾਲ ਲੈਕੇ ਇਸ ਦਰਵਾਜ਼ੇ ਦੀ ਕਾਇਆ ਕਲਪ ਕਰਨ ਲਈ 36 ਲੱਖ ਰੁਪਏ ਜਾਰੀ ਕਰਵਾਏ ਗਏ। ਇਸ ਇਮਾਰਤ ਦੀ ਚਿਣਾਈ ਪੁਰਾਤਨ ਤਰੀਕੇ ਨਾਲ ਚੂਨੇ ਨਾਲ ਕੀਤੀ ਗਈ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਇਸ ਦਰਵਾਜ਼ੇ ਦੀ ਇਹ ਦਿੱਖ ਅਤੇ ਸ਼ਾਨੋ ਸ਼ੌਕਤ ਅਗਲੇ 150 ਸਾਲ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਕੁਝ ਵੀ ਬੋਲਣ ਤੋਂ ਪਹਿਲਾਂ ਚਾਰ ਵਾਰ ਸੋਚਿਆ ਜਰੂਰ ਕਰਨ। ਉਹਨਾਂ ਕਿਹਾ ਕਿ ਸਾਨੂੰ ਕਿਸੇ ਵੀ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਉਸਦੇ ਰੰਗ, ਜਾਤੀ ਜਾਂ ਫਿਰਕੇ ਨੂੰ ਲੈਕੇ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ