
ਬਟਾਲਾ, 14 ਦਸੰਬਰ (ਹਿੰ. ਸ.)। ਬਟਾਲਾ ਕੋਆਪਰੇਟਿਵ ਸ਼ੂਗਰ ਮਿਲਜ਼ ਲਿਮਿਟੇਡ, ਬਟਾਲਾ ਨੇ 3500 ਟੀ. ਸੀ. ਡੀ. ਸਮਰੱਥਾ ਵਾਲੇ ਨਵੇਂ ਸ਼ੂਗਰ ਪਲਾਂਟ 'ਤੇ ਕਰਸ਼ਿੰਗ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਇਹ ਨਵਾਂ ਅਤੇ ਉਚ ਸਮਰੱਥਾ ਵਾਲਾ, ਬਿਨਾ ਸਲਫ਼ਰ ਦੀ ਡਬਲ ਰਿਫਾਇੰਡ ਚੀਨੀ ਤਿਆਰ ਕਰਨ ਵਾਲਾ ਪਲਾਂਟ ਇਲਾਕੇ ਦੇ ਗੰਨਾ ਉਗਾਉਣ ਵਾਲੇ ਕਿਸਾਨਾਂ ਲਈ ਇੱਕ ਮਹੱਤਵਪੂਰਨ ਸੁਵਿਧਾ ਹੈ। ਮਿਲ ਦੇ ਜਨਰਲ ਮੈਨੇਜਰ ਕਿਰਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ, ਮਿਲ ਦੀ ਘੱਟ ਸਮਰੱਥਾ ਕਾਰਨ ਕਿਸਾਨਾਂ ਨੂੰ ਆਪਣਾ ਗੰਨਾ 60-70 ਕਿਲੋਮੀਟਰ ਦੂਰ ਹੋਰ ਮਿਲਾਂ 'ਚ ਲਿਜਾਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਨਵੇਂ ਪਲਾਂਟ ਦੇ ਚਾਲੂ ਹੋਣ ਨਾਲ ਕਿਸਾਨਾਂ ਨੂੰ ਦੂਰ ਨਹੀਂ ਜਾਣਾ ਪਵੇਗਾ। ਉੱਚ ਸਮਰੱਥਾ ਕਾਰਨ ਉਨ੍ਹਾਂ ਨੂੰ ਆਸਾਨ ਪਹੁੰਚ, ਸਮੇਂ ਸਿਰ ਗੰਨੇ ਦੀ ਉਤਾਰੀ ਅਤੇ ਤੁਰੰਤ ਕਰਸ਼ਿੰਗ ਦੀ ਸੁਵਿਧਾ ਮਿਲੇਗੀ। ਸਥਾਨਕ ਕਿਸਾਨਾਂ ਨੇ ਮਿਲ ਦੀ ਸੁਧਰੀ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਅਤੇ ਦੱਸਿਆ ਹੈ ਕਿ ਮਿਲ ਯਾਰਡ ’ਚ ਪਹੁੰਚਣ ਤੋਂ ਬਾਅਦ ਉਨ੍ਹਾਂ ਦੀਆਂ ਟਰਾਲੀਆਂ ਛੇ ਤੋਂ ਸੱਤ ਘੰਟਿਆਂ ਦੇ ਅੰਦਰ ਉਤਾਰ ਦਿੱਤੀਆਂ ਜਾ ਰਹੀਆਂ ਹਨ, ਜੋ ਪਹਿਲਾਂ ਨਾਲੋਂ ਬਹੁਤ ਵਧੀਆ ਸੁਵਿਧਾ ਹੈ।
ਇਸ ਤੋਂ ਇਲਾਵਾ, ਨਵੇਂ ਪਲਾਂਟ ਵਿੱਚ 14 ਮੈਗਾਵਾਟ ਕੋ-ਜਨਰੇਸ਼ਨ ਪਾਵਰ ਪਲਾਂਟ ਲਗਾਇਆ ਗਿਆ ਹੈ, ਜਿਸ ਵਿੱਚੋਂ 8.45 ਮੈਗਾਵਾਟ ਬਿਜਲੀ ਵਡਾਲਾ ਗ੍ਰੰਥੀਆਂ ਪਾਵਰ ਗ੍ਰਿਡ ਨੂੰ ਪਾਵਰ ਪਰਚੇਜ਼ ਅਗਰੀਮੈਂਟ ਤਹਿਤ ਭੇਜੀ ਜਾਵੇਗੀ। ਇਹ ਵਾਧੂ ਆਮਦਨ ਕੇਵਲ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨ ਲਈ ਵਰਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਸਮੇਂ- ਸਿਰ ਭੁਗਤਾਨ ਪ੍ਰਾਪਤ ਹੋਵੇਗਾ। ਮਿਲ ਦੇ ਜਨਰਲ ਮੈਨੇਜਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮਿਲ ’ਤੇ ਸਾਫ਼-ਸੁਥਰਾ ਅਤੇ ਰੋਗ-ਰਹਿਤ ਗੰਨਾ ਲੈ ਕੇ ਆਉਣ, ਤਾਂ ਜੋ ਮਿਲ ਵਧੀਆ ਰਿਕਵਰੀ ਪ੍ਰਾਪਤ ਕਰ ਸਕੇ, ਜ਼ਿਆਦਾ ਚੀਨੀ ਤਿਆਰ ਕਰ ਸਕੇ ਅਤੇ ਕਿਸਾਨਾਂ ਨੂੰ ਸਹੀ ਸਮੇਂ ਭੁਗਤਾਨ ਦੇ ਸਕੇ। ਉਨ੍ਹਾਂ ਦੱਸਿਆ ਕਿ 2025-26 ਸੀਜ਼ਨ ਲਈ ਗੰਨੇ ਦੀ ਅਦਾਇਗੀ ਸ਼ੁਰੂ ਕੀਤੀ ਜਾ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ