
ਪਟਿਆਲਾ, 14 ਦਸੰਬਰ (ਹਿੰ. ਸ.)। ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ 44.3 ਫੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਪਿੰਡਾਂ ਅੰਦਰ 941 ਪੋਲਿੰਗ ਸਟੇਸ਼ਨਾਂ ਵਿਖੇ ਬਣਾਏ 1341 ਪੋਲਿੰਗ ਬੂਥਾਂ ਵਿੱਚ ਜਾਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਦੇਰ ਸ਼ਾਮ ਵੋਟਾਂ ਪੈਣ ਦਾ ਅਮਲ ਸਫ਼ਲਤਾ ਪੂਰਵਕ ਤੇ ਨਿਰਵਿਘਨ ਢੰਗ ਨਾਲ ਸੰਪੰਨ ਹੋਣ ਬਾਅਦ ਚੋਣ ਅਮਲੇ ਵੱਲੋਂ ਵੋਟਾਂ ਬਕਸਿਆਂ ਨੂੰ ਸੀਲਬੰਦ ਕਰਕੇ ਹਰ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਨਿਰਧਾਰਤ ਸਟਰਾਂਗ ਰੂਮਜ਼ 'ਚ ਰਖਵਾ ਦਿੱਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਪਟਿਆਲਾ ਬਲਾਕ ਵਿਖੇ 40 ਫੀਸਦੀ, ਪਟਿਆਲਾ ਦਿਹਾਤੀ ਬਲਾਕ ਵਿਖੇ 45.7 ਫੀਸਦੀ, ਸਨੌਰ ਬਲਾਕ ਵਿਖੇ 34 ਫੀਸਦੀ, ਭੁੱਨਰਹੇੜੀ ਬਲਾਕ ਵਿਖੇ 44 ਫੀਸਦੀ, ਨਾਭਾ ਬਲਾਕ ਵਿਖੇ 44 ਫੀਸਦੀ, ਸਮਾਣਾ ਬਲਾਕ ਵਿਖੇ 48.2 ਫੀਸਦੀ, ਪਾਤੜਾਂ ਬਲਾਕ ਵਿਖੇ 38 ਫੀਸਦੀ, ਬਲਾਕ ਰਾਜਪੁਰਾ ਵਿਖੇ 56.54 ਫੀਸਦੀ, ਘਨੌਰ ਬਲਾਕ 'ਚ 46.4 ਫੀਸਦੀ ਅਤੇ ਸ਼ੰਭੂ ਕਲਾਂ ਬਲਾਕ ਵਿਖੇ 47.10 ਫੀਸਦੀ ਮੱਤਦਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ ਹੋਈਆਂ ਇਨ੍ਹਾਂ ਚੋਣਾਂ ਲਈ ਕੁਲ 888610 ਵੋਟਰ ਸਨ, ਜਿਨ੍ਹਾਂ 'ਚ 467774 ਮਰਦ ਅਤੇ 420822 ਔਰਤ ਵੋਟਰ ਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ, ਇਨ੍ਹਾਂ ਵਿੱਚੋਂ 44.3 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ