
ਬਰਨਾਲਾ, 23 ਦਸੰਬਰ (ਹਿੰ. ਸ.)। ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ਆਪਣੇ 35 ਪਸ਼ੂਆਂ ਵਾਲੇ ਡੇਅਰੀ ਫਾਰਮ ਤੋਂ ਹਰ ਰੋਜ਼ ਲਗਭਗ 2 ਕਵਿੰਟਲ ਦੁੱਧ ਦਾ ਉਤਪਾਦਨ ਕਰਕੇ ਕਾਮਯਾਬੀ ਦੀ ਮਿਸਾਲ ਬਣ ਗਈ ਹੈ।
ਅਮਨਦੀਪ ਕੌਰ ਪੂਰੇ ਡੇਅਰੀ ਫਾਰਮ ਦਾ ਪ੍ਰਬੰਧ ਖੁਦ ਕਰਦੀ ਹੈ ਅਤੇ ਜ਼ਿਲ੍ਹੇ ਦੀਆਂ ਸਰਗਰਮ ਮਹਿਲਾ ਡੇਅਰੀ ਕਿਸਾਨਾਂ ਵਿੱਚੋਂ ਇੱਕ ਹੈ। ਉਹ ਇਕ ਸਧਾਰਣ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਅਮਨਦੀਪ ਨੇ ਦੱਸਿਆ ਕਿ ਉਹ ਬਹੁਤ ਸਾਧਾਰਨ ਪਰਿਵਾਰ ਤੋਂ ਹੈ ਅਤੇ ਜੀਵਨ ਬਸਰ ਕਰਨ ਦੇ ਸਾਧਨ ਸੀਮਤ ਸਨ। ਖੇਤੀ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੇ ਦੋ ਮੱਝਾਂ ਵੀ ਰੱਖੀਆਂ ਸਨ ਤਾਂ ਜੋ ਕੁਝ ਵਾਧੂ ਆਮਦਨ ਹੋ ਸਕੇ। ਭਰਾ ਦੇ ਵਿਛੋੜੇ ਤੋਂ ਬਾਅਦ ਮੈਂ ਮਾਪਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ, ਅਮਨਦੀਪ ਨੇ ਕਿਹਾ।
ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਅਮਨਦੀਪ ਕੌਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮਹਿਲਾਵਾਂ ਹੀ ਨਹੀਂ, ਪਰ ਪੁਰਸ਼ਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ, “ਅਮਨਦੀਪ ਦੀ ਮਿਹਨਤ 'ਚ ਸ਼ਿੱਦਤ ਦੀ ਝਲਕ ਹੈ ਅਤੇ ਉਹ ਓਨ੍ਹਾਂ ਸਾਰਿਆਂ ਲਈ ਮਿਸਾਲ ਹੈ ਜੋ ਕਿ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਓਨ੍ਹਾਂ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ ਜਿਹੜੇ ਇਸ ਖੇਤਰ ਵਿਚ ਆਉਣਾ ਚਾਹੁੰਦੇ ਹਨ, ਅਮਨਦੀਪ ਤੋਂ ਪਸ਼ੂ ਸੰਭਾਲ ਅਤੇ ਪ੍ਰਬੰਧ ਦੇ ਤਰੀਕੇ ਸਿੱਖ ਸਕਦੇ ਹਨ।”
ਅਮਨਦੀਪ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਸਿਰਫ਼ ਦੋ ਪਸ਼ੂਆਂ ਨਾਲ ਕੀਤੀ ਸੀ ਅਤੇ ਅੱਜ ਉਸ ਕੋਲ 35 ਗਾਂਵਾਂ ਅਤੇ ਮੱਝਾਂ ਹਨ। ਉਸ ਦੀ ਇੱਕ ਗਾਂ ਹਰ ਰੋਜ਼ 40 ਤੋਂ 45 ਲੀਟਰ ਤੱਕ ਦੁੱਧ ਦਿੰਦੀ ਹੈ। ਅਮਨਦੀਪ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ। ਸਾਲ 2021 ਵਿੱਚ ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਅਤੇ ਬਰਨਾਲਾ ਦੇ ਡੇਅਰੀ ਵਿਭਾਗ ਤੋਂ ਸਿਖ਼ਲਾਈ ਪ੍ਰਾਪਤ ਕੀਤੀ।
ਅਮਨਦੀਪ ਨੇ ਕਿਹਾ ਕਿ “ਸਿਖ਼ਲਾਈ ਤੋਂ ਮੈਨੂੰ ਸਮਝ ਆਈ ਕਿ ਕਿ ਚੰਗੀ ਖੁਰਾਕ ਅਤੇ ਦੇਖਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਸੀ। ਮੈਂ ਸਿੱਖਿਆ ਕਿ ਨਿਰੰਤਰ ਸੰਤੁਲਿਤ ਖੁਰਾਕ ਅਤੇ ਸਹੀ ਬਰੀਡਿੰਗ ਦੇ ਤਰੀਕੇ ਬਹੁਤ ਜ਼ਰੂਰੀ ਹਨ।”
ਡੇਅਰੀ ਵਿਕਾਸ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿਖ਼ਲਾਈ ਤੋਂ ਬਾਅਦ ਅਮਨਦੀਪ ਨੇ ਕਦੇ ਮੁੜ ਪਿੱਛੇ ਨਹੀਂ ਵੇਖਿਆ। ਵਿਭਾਗ ਦੀ ਮਦਦ ਨਾਲ ਉਸ ਨੇ ਸਬਸਿਡੀ ਲਈ ਅਰਜ਼ੀ ਦਿੱਤੀ, ਕਰਜ਼ਾ ਲਿਆ ਅਤੇ ਅੱਜ ਉਹ ਸਫ਼ਲ ਡੇਅਰੀ ਉਦਯੋਗ ਚਲਾ ਰਹੀ ਹੈ।
ਅਮਨਦੀਪ ਨੇ ਦੱਸਿਆ ਕਿ ਵਿਭਾਗ ਦੀ ਮਦਦ ਨਾਲ ਉਸਦਾ ਕਰਜ਼ਾ ਸਿਰਫ਼ ਸੱਤ ਦਿਨਾਂ ਵਿਚ ਮਨਜ਼ੂਰ ਹੋ ਗਿਆ। ਉਸ ਨੇ ਕਰਜ਼ੇ ਅਤੇ ਸਬਸਿਡੀ ਦੀ ਰਕਮ ਨਾਲ ਪਸ਼ੂਆਂ ਲਈ ਸ਼ੈੱਡ ਤਿਆਰ ਕੀਤਾ। “ਮੈਨੂੰ ਪਹਿਲਾਂ ਸ਼ੈੱਡ ਦੀ ਸਹੀ ਡਿਜ਼ਾਇਨ ਅਤੇ ਇਸਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਡੇਅਰੀ ਵਿਕਾਸ ਵਿਭਾਗ ਨੇ ਸਹੀ ਦਿਸ਼ਾ ਦੇ ਕੇ ਬਹੁਤ ਮਦਦ ਕੀਤੀ,” ਉਸ ਨੇ ਕਿਹਾ।
ਅਮਨਦੀਪ ਦਾ ਮੰਨਣਾ ਹੈ ਕਿ ਆਪਣੇ ਕਾਮਯਾਬ ਡੇਅਰੀ ਫਾਰਮ ਨਾਲ ਉਸ ਨੇ ਇਹ ਸਾਬਤ ਕੀਤਾ ਹੈ ਕਿ ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਪਰਿਵਾਰ ਦਾ ਸਹਾਰਾ ਬਣ ਸਕਦੀਆਂ ਹਨ। ਅੱਜ ਉਸਦਾ ਪੁਰਾਣਾ ਟੁੱਟਿਆ ਘਰ ਇਕ ਨਵੇਂ ਮਕਾਨ ਵਿੱਚ ਬਦਲ ਚੁੱਕਾ ਹੈ ਅਤੇ ਉਹ ਪੂਰੀ ਲਗਨ ਨਾਲ ਆਪਣੇ ਫਾਰਮ ਦਾ ਪ੍ਰਬੰਧ ਕਰ ਰਹੀ ਹੈ ਅਤੇ ਪਰਿਵਾਰ ਦੀ ਮੁੱਖ ਕਮਾਉਣ ਵਾਲੀ ਬਣ ਗਈ ਹੈ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਦਮੀ ਬਣਨ ਤੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਲਗਾਤਾਰ ਮਿਹਨਤ ਕਰਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ