
ਨਵੀਂ ਦਿੱਲੀ, 26 ਦਸੰਬਰ (ਹਿੰ.ਸ.)। ਭਾਰਤ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ਅਮਰੀਕੀ ਅਧਿਕਾਰੀਆਂ ਕੋਲ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨ ਵਿੱਚ ਦੇਰੀ ਦਾ ਮੁੱਦਾ ਉਠਾਇਆ ਹੈ। ਭਾਰਤ ਦਾ ਕਹਿਣਾ ਹੈ ਕਿ ਦੇਰੀ ਨਾਲ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੰਬੇ ਸਮੇਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿੱਚ ਸਿੱਖਿਆ ਵਿੱਚ ਵਿਘਨ ਵੀ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਹਫਤਾਵਾਰੀ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਅਤੇ ਭਾਰਤੀ ਨਾਗਰਿਕਾਂ 'ਤੇ ਇਸਦੇ ਪ੍ਰਭਾਵ ਨੂੰ ਘਟਾਉਣ ਲਈ ਅਮਰੀਕੀ ਪੱਖ ਨਾਲ ਸਰਗਰਮੀ ਨਾਲ ਗੱਲਬਾਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਭਾਰਤੀ ਨਾਗਰਿਕਾਂ ਤੋਂ ਅਮਰੀਕੀ ਵੀਜ਼ਾ ਅਪੌਇੰਟਮੈਂਟ ਸ਼ਡਿਊਲ ਜਾਂ ਰੀਸ਼ਡਿਊਲ ਕਰਨ ਵਿੱਚ ਦੇਰੀ ਅਤੇ ਮੁਸ਼ਕਲਾਂ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ। ਹਾਲਾਂਕਿ ਵੀਜ਼ਾ ਮਾਮਲੇ ਜਾਰੀ ਕਰਨ ਵਾਲੇ ਦੇਸ਼ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਫਿਰ ਭਾਰਤ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ, ਡੀਸੀ ਵਿੱਚ ਅਮਰੀਕੀ ਅਧਿਕਾਰੀਆਂ ਕੋਲ ਇਹ ਮੁੱਦਾ ਉਠਾਇਆ ਹੈ।
ਜ਼ਿਕਰਯੋਗ ਹੈ ਕਿ 8 ਦਸੰਬਰ ਤੋਂ, ਭਾਰਤ ਵਿੱਚ ਅਮਰੀਕੀ ਦੂਤਾਵਾਸਾਂ ਨੇ ਸਖ਼ਤ ਸੋਸ਼ਲ ਮੀਡੀਆ ਜਾਂਚ ਲਈ ਨਵੀਆਂ ਜ਼ਰੂਰਤਾਂ ਦੇ ਕਾਰਨ ਹਜ਼ਾਰਾਂ ਐਚ-1ਬੀ ਅਤੇ ਐਚ-4 ਅਪੌਇੰਟਮੈਂਟਾਂ ਨੂੰ ਰੱਦ ਕਰ ਦਿੱਤਾ। ਮਾਰਚ-ਜੁਲਾਈ 2026 ਲਈ ਕਈ ਅਪੌਇੰਟਮੈਂਟਾਂ ਨੂੰ ਰੀ ਸ਼ਡਿਊਲ ਕੀਤਾ ਗਿਆ, ਜਿਸ ਨਾਲ ਰਨਿਉਅਲ ਦੇ ਲਈ ਘਰ ਵਾਪਸ ਆਏ ਕਰਮਚਾਰੀ ਫਸ ਗਏ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ