
ਲਾਲੜੂ (ਐਸ.ਏ.ਐਸ. ਨਗਰ), 31 ਦਸੰਬਰ (ਹਿੰ. ਸ.)। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ ਡੀ ਆਰ ਐਫ਼) ਨੇ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਬੀ ਪੀ ਸੀ ਐਲ ਪੀ ਓ ਐਲ ਫਿਲਿੰਗ ਪਲਾਂਟ, ਲਾਲੜੂ ਵਿਖੇ ਵੱਡੇ ਪੱਧਰ ਦੀ ਮੌਕ ਡ੍ਰਿੱਲ ਦਾ ਆਯੋਜਨ ਕੀਤਾ। ਇਸ ਮੌਕ ਡ੍ਰਿੱਲ ਦਾ ਮਕਸਦ ਉਦਯੋਗਿਕ ਐਮਰਜੈਂਸੀ ਸਥਿਤੀਆਂ ਦੌਰਾਨ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦੀ ਪਰਖ ਕਰਨਾ ਸੀ। ਜਾਣਕਾਰੀ ਦਿੰਦਿਆਂ ਐਨ ਡੀ ਆਰ ਐਫ਼ ਦੀ 7ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਦੱਸਿਆ ਕਿ ਗੈਂਟਰੀ 'ਤੇ ਟੈਂਕ ਲਾਰੀ (ਟੀ ਐਲ) ਵਿੱਚ ਉਤਪਾਦ ਲੋਡ ਕਰਨ ਦੌਰਾਨ ਮਕੈਨਿਕਲ ਖਰਾਬੀ/ਲੀਕੇਜ ਕਾਰਨ ਉਤਪਾਦ (ਤੇਲ) ਦੇ ਰਿਸਾਅ ਦੀ ਮਸਨੂਈ ਐਮਰਜੈਂਸੀ ਸਥਿਤੀ ਬਣਾਈ ਗਈ। ਸਥਿਤੀ ਗੰਭੀਰ ਬਣਦੇ ਹੀ ਪਲਾਂਟ ਦੀ ਮਕੈਨਿਕਲ ਮੇਨਟੇਨੈਂਸ ਟੀਮ ਨੇ ਤੁਰੰਤ ਦਖ਼ਲ ਦੇ ਕੇ ਰਿਸਾਅ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੱਸਿਆ ਕਿ ਰਿਸਾਅ ਨੂੰ ਨਿਯੰਤਰਿਤ ਕਰਨ ਦੌਰਾਨ ਅਚਾਨਕ ਚਿੰਗਾਰੀ ਪੈਦਾ ਹੋਣ ਕਾਰਨ ਆਸ-ਪਾਸ ਮੌਜੂਦ ਜਲਣਸ਼ੀਲ ਵਾਸ਼ਪਾਂ ਨੂੰ ਅੱਗ ਲੱਗ ਗਈ, ਜਿਸ ਨਾਲ ਟੈਂਕ ਲਾਰੀ ਅਤੇ ਗੈਂਟਰੀ ਖੇਤਰ ਵਿੱਚ ਅੱਗ ਫੈਲ ਗਈ। ਇਸ ਅੱਗ ਕਾਰਨ ਨੇੜੇ ਸਥਿਤ ਐਲ ਪੀ ਜੀ ਬੋਟਲਿੰਗ ਪਲਾਂਟ ਸਮੇਤ ਹੋਰ ਥਾਵਾਂ ਲਈ ਵੀ ਸੰਭਾਵਿਤ ਖਤਰਾ ਪੈਦਾ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸਾਇਰਨ ਵਜਾਇਆ ਗਿਆ ਅਤੇ ਪਲਾਂਟ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ ਗਿਆ। ਇਸ ਦੇ ਨਾਲ ਹੀ ਸਥਾਨਕ ਸਿਵਲ ਪ੍ਰਸ਼ਾਸਨ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਤੋਂ ਤੁਰੰਤ ਮਦਦ ਮੰਗੀ ਗਈ। ਇਸ ਰੈਸਕਿਊ ਅਤੇ ਅੱਗ-ਨਿਯੰਤਰਣ ਅਭਿਆਨ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਪੁਲਿਸ, ਹੋਮ ਗਾਰਡਜ਼, ਫਾਇਰ ਬ੍ਰਿਗੇਡ, ਪਲਾਂਟ ਦੀਆਂ ਅੱਗ-ਬੁਝਾਉ ਪ੍ਰਣਾਲੀਆਂ, ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ਼ ਅਤੇ ਸਿਹਤ ਵਿਭਾਗ ਦੀ ਟੀਮ ਦੇ ਸਾਂਝੇ ਯਤਨਾਂ ਨਾਲ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ।
ਡੇਰਾਬੱਸੀ ਦੇ ਤਹਿਸੀਲਦਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਰੈਸਕਿਊ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਮੇਜਰ (ਸੇਵਾ-ਮੁਕਤ) ਸੁਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕ ਡ੍ਰਿੱਲ ਦਾ ਮੁੱਖ ਉਦੇਸ਼ ਕਿਸੇ ਵੱਡੇ ਉਦਯੋਗਿਕ ਹਾਦਸੇ ਦੀ ਸਥਿਤੀ ਵਿੱਚ ਅਸਲ ਸਮੇਂ ਦੀ ਪ੍ਰਤੀਕਿਰਿਆ (ਰਿਸਪਾਂਸ) ਪ੍ਰਣਾਲੀ ਦੀ ਜਾਂਚ ਕਰਨਾ ਸੀ। ਉਨ੍ਹਾਂ ਕਿਹਾ ਕਿ ਸਾਰੇ ਸੰਬੰਧਤ ਵਿਭਾਗਾਂ ਵਿਚਕਾਰ ਤਾਲਮੇਲ ਦੀ ਪਰਖ ਕੀਤੀ ਗਈ ਜੋ ਸੰਤੋਖਜਨਕ ਪਾਈ ਗਈ। ਐਨ ਡੀ ਆਰ ਐਫ਼ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਕਿਹਾ ਕਿ ਕੁਦਰਤੀ ਅਤੇ ਦੁਰਘਟਨਾ-ਅਧਾਰਿਤ ਆਫ਼ਤਾਂ ਨਾਲ ਨਿਪਟਣ ਲਈ ਨੋਡਲ ਏਜੰਸੀ ਹੋਣ ਦੇ ਨਾਤੇ ਐਨ ਡੀ ਆਰ ਐਫ਼ ਹਮੇਸ਼ਾਂ ਅੱਗੇ ਰਹਿ ਕੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡ੍ਰਿੱਲਾਂ ਤਿਆਰੀਆਂ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦਾ ਮਕਸਦ ਐਮਰਜੈਂਸੀ ਸਥਿਤੀਆਂ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਹੈ। ਅਭਿਆਸ ਦੌਰਾਨ ਬਣਾਈ ਗਈ ਸਥਿਤੀ ਦੌਰਾਨ ਅੱਗ ਨੂੰ ਕਾਬੂ ਕਰਨ ਅਤੇ ਸਥਿਤੀ ਨੂੰ ਹੋਰ ਗੰਭੀਰ ਹੋਣ ਤੋਂ ਰੋਕਣ ਲਈ ਫੋਮ ਅਤੇ ਪਾਣੀ ਦਾ ਅਸਰਦਾਰ ਇਸਤੇਮਾਲ ਕੀਤਾ ਗਿਆ। ਉਨ੍ਹਾਂ ਨੇ ਇਸ ਵੱਡੇ ਪੱਧਰ ਦੀ ਮੌਕ ਡ੍ਰਿੱਲ ਦੇ ਸਫਲ ਆਯੋਜਨ ਲਈ ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੋਮਲ ਮਿੱਤਲ ਦਾ ਧੰਨਵਾਦ ਵੀ ਪ੍ਰਗਟ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ