
ਗੁਰਦਾਸਪੁਰ 31 ਦਸੰਬਰ (ਹਿੰ. ਸ.)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਵੱਖ-ਵੱਖ ਆਯੁਸ਼ਮਾਨ ਆਰੋਗਿਆ ਕੇਂਦਰਾ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਸ਼ੈਸ਼ਨ ਲਗਾਏ ਜਾ ਰਹੇ ਹਨ। ਇਨ੍ਹਾਂ ਸ਼ੈਸ਼ਨ ਦਾ ਮੁੱਖ ਉਦੇਸ਼ ਹਰ ਬੱਚੇ ਅਤੇ ਹਰ ਗਰਭਵਤੀ ਮਹਿਲਾ ਨੂੰ ਸਮੇਂ-ਸਿਰ ਸੁਰੱਖਿਅਤ ਅਤੇ ਮੁਫ਼ਤ ਟੀਕੇ ਉਪਲਬਧ ਕਰਵਾਉਣਾ ਹੈ, ਤਾਂ ਜੋ ਗੰਭੀਰ ਬਿਮਾਰੀਆਂ ਤੋਂ ਬਚਾਵ ਹੋ ਸਕੇ ਅਤੇ ਸਿਹਤਮੰਦ ਭਵਿੱਖ ਸੁਨਿਸ਼ਚਿਤ ਹੋਵੇ।
ਉਨਾਂ ਕਿਹਾ ਕਿ ਟੀਕਾਕਰਨ ਬੱਚਿਆਂ ਲਈ ਸਭ ਤੋਂ ਵੱਡੀ ਸੁਰੱਖਿਆ ਹੈ। ਉਨ੍ਹਾਂ ਦੱਸਿਆ ਕਿ ਟੀਕਿਆਂ ਨਾਲ ਖਸਰਾ, ਰੁਬੇਲਾ, ਡਿਫਥੀਰੀਆ, ਟੈਟਨਸ, ਨਿਮੋਨੀਆ,ਪੋਲੀਓ, ਅੰਧਰਾਤਾ, ਟੀ.ਬੀ. ਅਤੇ ਕਾਲੀ ਖਾਂਸੀ ਵਰਗੀਆਂ ਬਿਮਾਰੀਆਂ ਤੋਂ ਬਚਾਵ ਹੁੰਦਾ ਹੈ। ਇਸ ਲਈ ਜਰੂਰੀ ਹੈ ਕਿ ਹਰੇਕ ਬੱਚੇ ਅਤੇ ਗਰਭਵਤੀ ਮਾਂ ਦਾ ਟੀਕਾਕਰਣ ਕਰਵਾਇਆ ਜਾਵੇ। ਜਿਲਾ ਟੀਕਾਕਰਣ ਅਫਸਰ ਡਾਕਟਰ ਭਾਵਨਾ ਸ਼ਰਮਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਕਾਰਡ ਹਮੇਸ਼ਾਂ ਆਪਣੇ ਨਾਲ ਰੱਖਣ, ਅਤੇ ਕਿਸੇ ਵੀ ਟੀਕੇ ਦੀ ਤਾਰੀਖ ਨਾ ਛੱਡਣ, ਕਿਉਂਕਿ ਅਧੂਰਾ ਟੀਕਾਕਰਨ ਬੱਚੇ ਦੀ ਸੁਰੱਖਿਆ ਘਟਾ ਦਿੰਦਾ ਹੈ। ਸਰਦੀ ਦੇ ਮੌਸਮ ਵਿੱਚ ਬੱਚਿਆਂ ਦੀ ਦੇਖਭਾਲ ਬਾਰੇ ਉਨਾਂ ਦਸਿਆ ਕਿ ਬੱਚਿਆਂ ਨੂੰ ਗਰਮ ਕੱਪੜੇ ਪਹਿਨਾਏ ਜਾਣ, ਠੰਡੀ ਹਵਾ ਤੋਂ ਬਚਾਇਆ ਜਾਵੇ ਅਤੇ ਸਾਫ਼-ਸਥਰਾ ਮਾਹੌਲ ਰੱਖਿਆ ਜਾਵੇ। ਖੰਘ, ਬੁਖਾਰ ਜਾਂ ਸਾਹ ਦੀ ਤਕਲੀਫ਼ ਹੋਣ 'ਤੇ ਤੁਰੰਤ ਨਜ਼ਦੀਕੀ ਆਯੁਸ਼ਮਾਨ ਆਰੋਗਿਆ ਕੇਂਦਰ 'ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ