ਕੋਲਕਾਤਾ, 14 ਮਾਰਚ (ਹਿੰ.ਸ.)। ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਹੋਲੀ ਵਾਲੇ ਦਿਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਚਾਪੜਾ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਟੋਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਅੱਠ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਅਨੁਸਾਰ, ਨਕਾਸ਼ੀਪਾੜਾ ਦੇ ਕੁਝ ਲੋਕ ਈਦ ਦੀ ਖਰੀਦਦਾਰੀ ਕਰਨ ਲਈ ਚਾਪੜਾ ਆਏ ਸਨ। ਬਾਜ਼ਾਰ ਤੋਂ ਵਾਪਸ ਆਉਂਦੇ ਸਮੇਂ, ਉਹ ਟੋਟੋ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਚਾਰ-ਪਹੀਆ ਵਾਹਨ ਕੰਟਰੋਲ ਗੁਆ ਬੈਠਾ ਅਤੇ ਟੋਟੋ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੋਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਯਾਤਰੀ ਸੜਕ 'ਤੇ ਡਿੱਗ ਪਏ। ਕਈ ਲੋਕ ਕਾਰ ਹੇਠਾਂ ਦੱਬ ਗਏ, ਜਿਸ ਕਾਰਨ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਚਾਪੜਾ ਪੇਂਡੂ ਹਸਪਤਾਲ ਪਹੁੰਚਾਇਆ। ਉੱਥੋਂ ਸਾਰਿਆਂ ਨੂੰ ਸ਼ਕਤੀਨਗਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਪਹਿਲਾਂ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਦੋ ਹੋਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ