ਇੰਫਾਲ, 29 ਮਾਰਚ (ਹਿੰ.ਸ.)। ਮਣੀਪੁਰ ਦੇ ਨੋਨੀ ਵਿੱਚ ਸ਼ਨੀਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.8 ਮਾਪੀ ਗਈ। ਫਿਲਹਾਲ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ, ਮਣੀਪੁਰ ਦੇ ਨੋਨੀ ਵਿਖੇ ਸ਼ਨੀਵਾਰ ਦੁਪਹਿਰ 02:31:39 ਵਜੇ 3.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸਥਿਤ ਸੀ। ਭੂਚਾਲ ਦਾ ਕੇਂਦਰ 24.90 ਉੱਤਰੀ ਅਕਸ਼ਾਂਸ਼ ਅਤੇ 93.59 ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ।
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਮਣੀਪੁਰ ਵਿੱਚ ਤਿੰਨ ਵਾਰ ਅਤੇ ਮੇਘਾਲਿਆ ਵਿੱਚ ਇੱਕ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਗੁਆਂਢੀ ਦੇਸ਼ ਮਿਆਂਮਾਰ ਵਿੱਚ 7.7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਕਾਰਨ ਮਿਆਂਮਾਰ ਵਿੱਚ ਭਾਰੀ ਤਬਾਹੀ ਹੋਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ