ਫਾਜ਼ਿਲਕਾ 29 ਮਾਰਚ (ਹਿੰ. ਸ.)। ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਤਹਿਤ ਰੋਜ਼ਗਾਰ ਦੀ ਮੰਗ ਲਈ ਕੁਝ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਪਰ ਜਦੋਂ ਅਜਿਹੇ ਲੋਕਾਂ ਨੂੰ ਕੰਮ ਦਿੱਤਾ ਗਿਆ ਤਾਂ ਅੱਜ ਕੋਈ ਵੀ ਨਰੇਗਾ ਵਰਕਰ ਕੰਮ ਤੇ ਨਹੀਂ ਆਇਆ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਅੱਜ ਪਿੰਡ ਹਸਤਾ ਕਲਾਂ ਅਤੇ ਝੁੱਗੇ ਗੁਲਾਬ ਆਬਾਦੀ ਬਹਿਕ ਖ਼ਾਸ ਦਾ ਦੌਰਾ ਕਰਕੇ ਇੱਥੇ ਮਨਰੇਗਾ ਦੇ ਕੰਮ ਦੀ ਜਾਂਚ ਕੀਤੀ । ਇਸ ਦੌਰਾਨ ਪਾਇਆ ਗਿਆ ਕਿ ਪਿੰਡ ਹਸਤਾ ਕਲਾਂ ਵਿੱਚ ਜੰਗਲਾਤ ਵਿਭਾਗ ਵੱਲੋਂ ਮਗਨਰੇਗਾ ਸਕੀਮ ਤਹਿਤ 124 ਵਿਅਕਤੀਆਂ ਲਈ ਮਸਟਰੋਲ ਕੱਢ ਕੇ ਉਹਨਾਂ ਨੂੰ ਕੰਮ ਦਿੱਤਾ ਗਿਆ ਸੀ ਪਰ ਮੌਕੇ ਤੇ ਕੋਈ ਵੀ ਵਿਅਕਤੀ ਕੰਮ ਕਰਦਾ ਨਹੀਂ ਪਾਇਆ ਗਿਆ ਅਤੇ ਕੋਈ ਵੀ ਕੰਮ ਤੇ ਹਾਜ਼ਰ ਨਹੀਂ ਹੋਇਆ।
ਇਸੇ ਤਰ੍ਹਾਂ ਪਿੰਡ ਝੁੱਗੇ ਗੁਲਾਬ ਬਸਤੀ ਬਹਿਕ ਖਾਸ ਵਿੱਚ ਵੀ ਜੰਗਲਾਤ ਵਿਭਾਗ ਦੇ ਕੰਮ ਲਈ 103 ਵਿਅਕਤੀਆਂ ਲਈ ਮਸਟਰੋਲ ਕੱਢਿਆ ਗਿਆ ਸੀ ਪਰ ਇੱਥੇ ਵੀ ਕੋਈ ਮਗਨਰੇਗਾ ਕਰਮੀ ਕੰਮ ਤੇ ਨਹੀਂ ਆਇਆ ।
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਇਸ ਮੌਕੇ ਕਿਹਾ ਕਿ ਇਸ ਸਬੰਧੀ ਵਿਭਾਗ ਵੱਲੋਂ ਬਕਾਇਦਾ ਪਿੰਡ ਵਿੱਚ ਮੁਨਾਦੀ ਵੀ ਕਰਵਾਈ ਗਈ ਸੀ ਅਤੇ ਇਹ ਮਸਟਰੋਲ ਉਹਨਾਂ ਵੱਲੋਂ ਬਾਰ-ਬਾਰ ਕੀਤੀ ਜਾ ਰਹੀ ਮੰਗ ਦੇ ਆਧਾਰ ਤੇ ਹੀ ਜਾਰੀ ਕੀਤੇ ਗਏ ਸਨ ਪਰ ਮਨਰੇਗਾ ਕਰਮੀ ਕੰਮ ਤੇ ਹਾਜ਼ਰ ਨਹੀਂ ਹੋਏ। ਉਹਨਾਂ ਨੇ ਇਸ ਮੌਕੇ ਸਪਸ਼ਟ ਕੀਤਾ ਕਿ ਪ੍ਰਸ਼ਾਸਨ ਮਗਨਰੇਗਾ ਵਰਕਰਾਂ ਨੂੰ ਮੰਗ ਅਨੁਸਾਰ ਕੰਮ ਮੁਹਈਆ ਕਰਵਾਉਣ ਲਈ ਹਮੇਸ਼ਾ ਹੀ ਪ੍ਰਤੀਬੱਧ ਰਿਹਾ ਹੈ ਅਤੇ ਅੱਗੇ ਤੋਂ ਵੀ ਜੇਕਰ ਕੋਈ ਵਰਕਰ ਕੰਮ ਦੀ ਮੰਗ ਕਰੇਗਾ ਤਾਂ ਨਿਯਮਾਂ ਅਨੁਸਾਰ ਕੰਮ ਮੁਹਈਆ ਕਰਵਾਇਆ ਜਾਏਗਾ । ਉਹਨ ਨੇ ਕਿਹਾ ਕਿ ਨਰੇਗਾ ਕਰਮੀਆਂ ਤੋਂ ਕੰਮ ਦੀ ਮੰਗ ਲਈ ਸਾਂਝੀਆਂ ਥਾਵਾਂ ਤੇ ਡਿਮਾਂਡ ਲਈ ਜਾਂਦੀ ਹੈ ਅਤੇ ਜਦੋਂ ਵੀ ਇਹ ਡਿਮਾਂਡ ਲਈ ਜਾਵੇ ਤਾਂ ਨਰੇਗਾ ਕਰਮੀ ਆਪਣੀ ਮੰਗ ਜਰੂਰ ਦਰਜ ਕਰਾਉਣ ਅਤੇ ਉਸ ਤੋਂ ਬਾਅਦ ਜਦੋਂ ਕੰਮ ਦਿੱਤਾ ਜਾਵੇ ਤੇ ਕੰਮ ਤੇ ਜਰੂਰ ਹਾਜ਼ਰ ਹੋਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ