ਨਵੀਂ ਦਿੱਲੀ, 20 ਅਪ੍ਰੈਲ (ਹਿੰ.ਸ.)। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੋ ਭਾਜਪਾ ਸੰਸਦ ਮੈਂਬਰਾਂ ਵੱਲੋਂ ਭਾਰਤ ਦੇ ਚੀਫ਼ ਜਸਟਿਸ 'ਤੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਭਾਜਪਾ ਪ੍ਰਧਾਨ ਵੱਲੋਂ ਇਨ੍ਹਾਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕਰਨ ਨੂੰ ਡੈਮੇਜ਼ ਕੰਟਰੋਲ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਕੋਈ ਮੂਰਖ ਨਹੀਂ ਬਣੇਗਾ।
ਐਤਵਾਰ ਨੂੰ ਇੱਕ ਟਵੀਟ ਵਿੱਚ, ਰਮੇਸ਼ ਨੇ ਲਿਖਿਆ, ਭਾਰਤ ਦੇ ਚੀਫ਼ ਜਸਟਿਸ 'ਤੇ ਭਾਜਪਾ ਦੇ ਦੋ ਸੰਸਦ ਮੈਂਬਰਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਤੋਂ ਭਾਜਪਾ ਦੇ ਪ੍ਰਧਾਨ ਦੀ ਦੂਰੀ ਬਣਾਏ ਜਾਣ ਦਾ ਕੋਈ ਵਿਸ਼ੇਸ਼ ਅਰਥ ਨਹੀਂ ਹੈ। ਇਹ ਸੰਸਦ ਮੈਂਬਰ ਵਾਰ-ਵਾਰ ਨਫ਼ਰਤ ਭਰੇ ਭਾਸ਼ਣ ਦੇਣ ਲਈ ਬਦਨਾਮ ਹਨ। ਉਨ੍ਹਾਂ ਅੱਗੇ ਕਿਹਾ, ਭਾਜਪਾ ਪ੍ਰਧਾਨ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਡੈਮੇਜ਼ ਕੰਟਰੋਲ ਤੋਂ ਇਲਾਵਾ ਕੁਝ ਨਹੀਂ ਹੈ। ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਦੀ ਚੁੱਪੀ 'ਤੇ ਸਵਾਲ ਉਠਾਏ ਅਤੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਨਿਆਂਪਾਲਿਕਾ 'ਤੇ ਕੀਤੀਆਂ ਜਾ ਰਹੀਆਂ ਅਸਵੀਕਾਰਨਯੋਗ ਟਿੱਪਣੀਆਂ 'ਤੇ ਕੋਈ ਰਾਇ ਨਹੀਂ ਹੈ। ਰਮੇਸ਼ ਨੇ ਇਹ ਵੀ ਪੁੱਛਿਆ, ਜੇਕਰ ਸੰਵਿਧਾਨ 'ਤੇ ਅਜਿਹੇ ਲਗਾਤਾਰ ਹਮਲਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮੌਨ ਪ੍ਰਵਾਨਗੀ ਨਹੀਂ ਹੈ, ਤਾਂ ਫਿਰ ਇਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਕੀ ਨੱਡਾ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ?
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ