ਲੰਡਨ, 3 ਅਪ੍ਰੈਲ (ਹਿੰ.ਸ.)। ਡਿਓਗੋ ਜੋਟਾ ਦੇ 57ਵੇਂ ਮਿੰਟ ’ਚ ਕੀਤੇ ਗਏ ਗੋਲ ਦੀ ਬਦੌਲਤ ਲਿਵਰਪੂਲ ਨੇ ਬੁੱਧਵਾਰ ਨੂੰ ਮਰਸੀਸਾਈਡ ਡਰਬੀ ਵਿੱਚ ਐਵਰਟਨ ਨੂੰ 1-0 ਨਾਲ ਹਰਾ ਕੇ ਪ੍ਰੀਮੀਅਰ ਲੀਗ ’ਚ ਆਪਣੀ 12 ਅੰਕਾਂ ਦੀ ਬੜ੍ਹਤ ਬਰਕਰਾਰ ਰੱਖੀ।
ਲੁਈਸ ਡਿਆਜ਼ ਦੇ ਬੈਕ-ਹੀਲ ਪਾਸ ਤੋਂ ਜੋਟਾ ਦੇ ਗੋਲ ਨੇ ਅਰਨੇ ਸਲਾਟ ਦੀ ਟੀਮ ਨੂੰ ਜਿੱਤ ਦਿਵਾਈ ਅਤੇ ਹੁਣ ਉਨ੍ਹਾਂ ਨੂੰ ਖਿਤਾਬ 'ਤੇ ਕਬਜ਼ਾ ਕਰਨ ਲਈ ਆਪਣੇ ਅਗਲੇ ਅੱਠ ਮੈਚਾਂ ਵਿੱਚੋਂ ਸਿਰਫ਼ 13 ਅੰਕਾਂ ਦੀ ਲੋੜ ਹੈ।
ਦੂਜੇ ਪਾਸੇ, ਮੈਨਚੈਸਟਰ ਸਿਟੀ ਨੇ ਘਰੇਲੂ ਮੈਦਾਨ 'ਤੇ ਸੰਘਰਸ਼ ਕਰ ਰਹੀ ਲੈਸਟਰ ਸਿਟੀ ਦੇ ਖਿਲਾਫ ਮਜ਼ਬੂਤ ਸ਼ੁਰੂਆਤ ਕੀਤੀ। ਜੈਕ ਗ੍ਰੀਲਿਸ਼ ਨੇ ਮੈਚ ਦੇ ਦੂਜੇ ਹੀ ਮਿੰਟ ਵਿੱਚ ਸਾਵਿਨਹੋ ਦੇ ਅਸਿਸਟ 'ਤੇ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। ਓਮਰ ਮਰਮੌਸ਼ ਨੇ ਅੱਧੇ ਸਮੇਂ ਤੋਂ ਪਹਿਲਾਂ ਸਕੋਰ 2-0 ਕਰ ਦਿੱਤਾ, ਜਿਸ ਨਾਲ ਸਾਬਤ ਹੋ ਗਿਆ ਕਿ ਟੀਮ ਨੂੰ ਏਰਲਿੰਗ ਹਾਲਾਂਡ ਦੀ ਗੈਰਹਾਜ਼ਰੀ ਵਿੱਚ ਵੀ ਕੋਈ ਸਮੱਸਿਆ ਨਹੀਂ ਆ ਰਹੀ।
ਨਿਊਕੈਸਲ ਯੂਨਾਈਟਿਡ ਨੇ ਬ੍ਰੈਂਟਫੋਰਡ ਨੂੰ ਘਰੇਲੂ ਮੈਦਾਨ 'ਤੇ 2-1 ਨਾਲ ਹਰਾ ਕੇ ਉਸਦੀ ਲਗਾਤਾਰ ਪੰਜਵਾਂ ਬਾਹਰ ਮੈਚ ਜਿੱਤਣ ਦੀਆਂ ਉਮੀਦਾਂ ਨੂੰ ਤੋੜ ਦਿੱਤਾ। ਨਿਊਕੈਸਲ ਲਈ ਅਲੈਗਜ਼ੈਂਡਰ ਇਸਾਕ ਅਤੇ ਸੈਂਡਰੋ ਟੋਨਾਲੀ ਨੇ ਗੋਲ ਕੀਤੇ।
ਮਾਰਕਸ ਰਾਸ਼ਫੋਰਡ ਅਤੇ ਮਾਰਕੋ ਅਸੈਂਸੀਓ ਦੇ ਦੂਜੇ ਹਾਫ ਦੇ ਗੋਲਾਂ ਨੇ ਐਸਟਨ ਵਿਲਾ ਦੀਆਂ ਯੂਰਪ ਵਾਪਸੀ ਦੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ। ਡੋਨੀਏਲ ਮਲੇਨ ਨੇ ਬ੍ਰਾਈਟਨ 'ਤੇ 3-0 ਦੀ ਜਿੱਤ ਵਿੱਚ ਇੰਜਰੀ ਟਾਈਮ ਵਿੱਚ ਗੋਲ ਕੀਤਾ, ਜਿਸ ਨਾਲ ਬ੍ਰਾਈਟਨ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ, ਜੋ ਪਹਿਲਾਂ ਹੀ ਐਫਏ ਕੱਪ ਤੋਂ ਬਾਹਰ ਹੋ ਚੁੱਕੀ ਹੈ।
ਇਪਸਵਿਚ ਟਾਊਨ ਨੇ ਬੌਰਨਮਾਊਥ ਨੂੰ ਹੈਰਾਨ ਕਰਦੇ ਹੋਏ 34ਵੇਂ ਮਿੰਟ ਵਿੱਚ ਨਾਥਨ ਬ੍ਰੌਡਹੈੱਡ ਅਤੇ 60ਵੇਂ ਮਿੰਟ ਵਿੱਚ ਲਿਆਮ ਡੇਲਪ ਦੇ ਗੋਲਾਂ ਦੀ ਬਦੌਲਤ 2-1 ਨਾਲ ਹਰਾਇਆ। ਬੋਰਨਮਾਊਥ ਲਈ ਇਕਲੌਤਾ ਗੋਲ ਇਵਾਨਿਲਸਨ ਨੇ 67ਵੇਂ ਮਿੰਟ ਵਿੱਚ ਕੀਤਾ।
ਸਾਊਥੈਂਪਟਨ ਦੇ ਪਾਲ ਓਨੂਆਚੂ ਨੇ 20ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ ਸੀ, ਪਰ ਕ੍ਰਿਸਟਲ ਪੈਲੇਸ ਦੇ ਮੈਥੀਅਸ ਫ੍ਰਾਂਕਾ ਨੇ ਇੰਜਰੀ ਟਾਈਮ ਵਿੱਚ ਗੋਲ ਕਰਕੇ ਮੈਚ 1-1 ਨਾਲ ਡਰਾਅ ਕਰ ਦਿੱਤਾ ਅਤੇ ਸਾਊਥੈਂਪਟਨ ਦੀਆਂ ਸੀਜ਼ਨ ਦੀ ਤੀਜੀ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ