
ਪਟਿਆਲਾ 31 ਮਈ (ਹਿੰ. ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਡੀ.ਏ.ਵੀ. ਸਕੂਲ ਵਿੱਚ ਆਯੋਜਿਤ ਕੀਤੇ ਗਏ ਬਲੱਡ ਡੋਨੇਸ਼ਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਹ ਕੈਂਪ ਮਹਾਂਰਿਸ਼ੀ ਦਇਆਨੰਦ ਸਰਸਵਤੀ ਜੀ ਦੇ 202ਵੇਂ ਜਨਮ ਦਿਵਸ ਮੌਕੇ ਅਤੇ 140ਵੇਂ ਡੀ.ਏ.ਵੀ. ਸਥਾਪਨਾ ਦਿਵਸ ਨੂੰ ਮਨਾਉਣ ਲਈ ਰੋਟਰੀ ਕਲੱਬ, ਐਸ.ਬੀ.ਆਈ.ਬੈਂਕ, ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ, ਕੁਨਾਲ ਡਿਵੈਲਪਰਸ, ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਪ੍ਰਿੰਸੀਪਲ ਵਿਵੇਕ ਤਿਵਾਰੀ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ ।
ਸਿਹਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਾਨੂੰ ਖੂਨਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ, ਉਹਨਾਂ ਕਿਹਾ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਸਮਝਣਾ ਅਤੇ ਸਿਖਾਉਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਨਾਲ ਨਾਲ ਸਮਾਜ ਅਤੇ ਮਨੁੱਖਤਾ ਲਈ ਇਕ ਮਹੱਤਵਪੂਰਨ ਸੇਵਾ ਹੈ । ਉਹਨਾਂ ਇਸ ਮੌਕੇ ਰਕਤਦਾਨ ਦੀ ਮਹਤੱਤਾ ਬਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਥਾਨਕ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਕਤਦਾਨ ਮਹਾਨ ਦਾਨ ਹੈ ਅਤੇ ਇਹ ਅਨੇਕਾਂ ਜਿੰਦਗੀਆਂ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ ।
ਸਿਹਤ ਮੰਤਰੀ ਨੇ ਗਰਮੀ ਪੈਣ ਕਰਕੇ ਪੈਦਾ ਹੋ ਰਹੀਆਂ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਵੀ ਚਿਤਾਵਨੀ ਜਾਰੀ ਕੀਤੀ । ਉਹਨਾਂ ਕਿਹਾ ਲੋਕ ਆਪਣੇ ਆਪ ਨੂੰ ਹਾਈਡਰੇਟ ਰੱਖਣ ਅਤੇ ਧੁੱਪ ਤੋ ਬਚਣ । ਉਹਨਾਂ ਕਰੋਨਾ ਵਾਇਰਸ ਦੇ ਨਵੇਂ ਕੇਸਾਂ ਬਾਰੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ । ਉਹਨਾਂ ਕਿਹਾ ਹਾਲਾਂਕਿ ਸਥਿਤੀ ਕਾਬੂ ਵਿੱਚ ਹੈ ਪਰੰਤੂ ਹੱਥ ਧੋਣਾ, ਮਾਸਕ ਪਹਿਨਣਾ ਅਤੇ ਭੀੜ ਤੋ ਬਚਣਾ ਅਜੇ ਵੀ ਬਹੁਤ ਜਰੂਰੀ ਹੈ । ਸਿਹਤ ਮੰਤਰੀ ਨੇ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਦੀ ਅਤੇ ਸਮੂਹ ਸਟਾਫ ਦੀ ਇਸ ਨੇਕ ਕਾਰਜ ਲਈ ਸ਼ਲਾਘਾ ਕੀਤੀ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ