ਲੋੜ ਪੈਣ ‘ਤੇ ਕੀਤਾ ਜਾਵੇਗਾ ਜ਼ਿਲ੍ਹਾ ਪਟਿਆਲਾ ’ਚ ਬਲੈਕਆਊਟ: ਜ਼ਿਲ੍ਹਾ ਮੈਜਿਸਟਰੇਟ
ਪਟਿਆਲਾ, 9 ਮਈ (ਹਿੰ. ਸ.)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਨਵੇਂ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਅਤੇ ਪਾਕਿਸਤਾਨ ਤੋਂ ਸੰਭਾਵੀ ਹਵਾਈ ਹਮਲੇ ਦੇ ਖ਼ਤਰੇ ਨੂੰ ਦਰਸਾਉਂਦੇ ਖੁਫੀਆ ਜਾਣਕਾਰੀ
ਡਾ. ਪ੍ਰੀਤੀ ਯਾਦਵ


ਪਟਿਆਲਾ, 9 ਮਈ (ਹਿੰ. ਸ.)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਨਵੇਂ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਅਤੇ ਪਾਕਿਸਤਾਨ ਤੋਂ ਸੰਭਾਵੀ ਹਵਾਈ ਹਮਲੇ ਦੇ ਖ਼ਤਰੇ ਨੂੰ ਦਰਸਾਉਂਦੇ ਖੁਫੀਆ ਜਾਣਕਾਰੀ ਦੇ ਮੱਦੇਨਜ਼ਰ, ਰਾਤ ਦੇ ਸਮੇਂ ਦੌਰਾਨ ਪੂਰੀ ਤਰ੍ਹਾਂ ਬਲੈਕਆਊਟ ਦੀ ਲੋੜ ਹੋ ਸਕਦੀ ਹੈ। ਇਸ ਲਈ ਜਦੋਂ ਵੀ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਪਟਿਆਲਾ ਜ਼ਿਲ੍ਹੇ ਵਿੱਚ ਬਲੈਕ ਆਊਟ ਐਲਾਨਿਆ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਇਨਵਰਟਰ, ਜਨਰੇਟਰ ਅਤੇ ਬਾਹਰੀ ਲਾਈਟਾਂ, ਬਿੱਲ ਬੋਰਡ, ਸਟਰੀਟ ਲਾਈਟਾਂ, ਸੋਲਰ ਲਾਈਟਾਂ ਆਦਿ ਲਈ ਵਰਤੇ ਜਾਣ ਵਾਲੇ ਕਿਸੇ ਵੀ ਹੋਰ ਪਾਵਰ ਬੈਕਅੱਪ ਦੀ ਵਰਤੋਂ ਜ਼ਿਲ੍ਹਾ ਪਟਿਆਲਾ ਵਿੱਚ ਕਿਸੇ ਵੀ ਅੱਤਵਾਦੀ/ਡਰੋਨ ਹਮਲੇ ਨੂੰ ਸੱਦਾ ਦੇ ਸਕਦੀ ਹੈ। ਇਸ ਤੋਂ ਇਲਾਵਾ ਜਨਤਕ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਦੀ ਰੱਖਿਆ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਆਮ ਲੋਕਾਂ ਦੀ ਸੁਰੱਖਿਆ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਸਿਨੇਮਾਘਰਾਂ ਅਤੇ ਸ਼ਾਪਿੰਗ ਮਾਲ ਵਰਗੀਆਂ ਜਨਤਕ ਥਾਵਾਂ ਨੂੰ ਵੀ ਬੰਦ ਕਰਨ ਦਾ ਸਮਾਂ ਨਿਰਧਾਰਤ ਕਰਨਾ ਜ਼ਰੂਰੀ ਹੋ ਗਿਆ ਹੈ, ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਖ਼ਤਰੇ ਤੋਂ ਬਚਿਆ ਜਾ ਸਕੇ।ਇਸ ਲਈ, ਜ਼ਿਲ੍ਹਾ ਮੈਜਿਸਟ੍ਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਕੁਝ ਲਾਜ਼ਮੀ ਪਾਬੰਦੀਆਂ ਦਾ ਐਲਾਨ ਕੀਤਾ ਹੈ। ਆਪਣੇ ਆਦੇਸ਼ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦਾ ਐਲਾਨ ਕੀਤੇ ਜਾਣ ਸਮੇਂ ਇਨਵਰਟਰ, ਜਨਰੇਟਰ ਅਤੇ ਬਾਹਰੀ ਲਾਈਟਾਂ, ਬਿੱਲ ਬੋਰਡ, ਸਟਰੀਟ ਲਾਈਟਾਂ ਆਦਿ ਲਈ ਵਰਤੇ ਜਾਣ ਵਾਲੇ ਕਿਸੇ ਵੀ ਹੋਰ ਪਾਵਰ ਬੈਕਅੱਪ ਅਤੇ ਸੋਲਰ ਲਾਈਟਾਂ ਦੀ ਵਰਤੋਂ 'ਤੇ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ ਅਗਲੇ ਹੁਕਮਾਂ ਤੱਕ ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ ਯਾਨੀ ਸ਼ਾਮ 8:00 ਵਜੇ ਤੋਂ ਸਵੇਰੇ 06:00 ਵਜੇ ਤੱਕ ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਨੇ ਸ਼ਾਮ ਦੇ ਸਮੇਂ ਦੌਰਾਨ ਪਟਾਕਿਆਂ ਅਤੇ ਲੰਬੀ ਬੀਮ ਲੇਜ਼ਰ/ਡੀਜੇ ਲਾਈਟਾਂ ਦੀ ਵਰਤੋਂ 'ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਸ਼ਾਮ ਦੇ ਸਮੇਂ, ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਜਦੋਂ ਤੱਕ ਕਿ ਜ਼ਰੂਰੀ ਨਾ ਹੋਵੇ। ਜੇਕਰ ਕੋਈ ਸਾਇਰਨ/ਸਿਗਨਲ ਵੱਜਦਾ ਹੈ, ਜਾਂ ਪ੍ਰਸ਼ਾਸਨ ਵੱਲੋਂ ਕਿਸੇ ਢੰਗ ਨਾਲ ਲੋਕਾਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਜਨਤਾ ਨੂੰ ਸਮੇਂ-ਸਮੇਂ 'ਤੇ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਤੁਰੰਤ ਪਾਲਣਾ ਕਰਦਿਆਂ ਲੋਕਾਂ ਨੂੰ ਰੋਸ਼ਨੀ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।ਅੱਜ ਮਿਤੀ 09 ਮਈ 2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣ ਵਾਲੇ ਇਹ ਹੁਕਮ ਪੁਲਿਸ, ਪੈਰਾ-ਮਿਲਟਰੀ, ਹਵਾਈ ਸੈਨਾ, ਐਸ.ਪੀ.ਜੀ. ਕਰਮਚਾਰੀਆਂ ਅਤੇ ਸਮਰੱਥ ਸਰਕਾਰੀ ਅਥਾਰਟੀ ਦੁਆਰਾ ਅਧਿਕਾਰਤ ਵਿਅਕਤੀਆਂ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਆਦਿ 'ਤੇ ਲਾਗੂ ਨਹੀਂ ਹੋਵੇਗਾ।ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸੰਕਟਕਾਲੀਨ ਸਥਿਤੀ ਅਤੇ ਸਮੇਂ ਦੀ ਘਾਟ ਨੂੰ ਦੇਖਦੇ ਹੋਏ, ਇਹ ਹੁਕਮ ਇੱਕਤਰਫਾ ਜਾਰੀ ਕੀਤਾ ਜਾ ਰਿਹਾ ਹੈ ਅਤੇ ਆਮ ਜਨਤਾ ਨੂੰ ਸੰਬੋਧਿਤ ਕੀਤਾ ਗਿਆ ਹੈ। ਇਸ ਹੁਕਮ ਦੀ ਕਿਸੇ ਵੀ ਉਲੰਘਣਾ 'ਤੇ ਭਾਰਤੀ ਨਿਆਏ ਸੰਹਿਤਾ, 2023 ਦੀ ਧਾਰਾ 223 ਅਤੇ ਹੋਰ ਸੰਬੰਧਿਤ ਉਪਬੰਧਾਂ ਤਹਿਤ ਕਾਰਵਾਈ ਕੀਤੀ ਜਾਵੇਗੀ।ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ 'ਤੇ ਬੀਐਨਐਸ 2023 ਦੀ ਧਾਰਾ 223 ਤਹਿਤ ਕਾਨੂੰਨ ਅਨੁਸਾਰ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande