ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ
ਚੰਡੀਗੜ੍ਹ, 3 ਅਗਸਤ (ਹਿੰ. ਸ.)। ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਇਕ ਹੋਰ ਇਤਿਹਾਸਕ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਵਿੱਚ 200 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ਤਾਂ ਕਿ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਐਤਵਾਰ ਨੂੰ ਇ
.


ਚੰਡੀਗੜ੍ਹ, 3 ਅਗਸਤ (ਹਿੰ. ਸ.)। ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਇਕ ਹੋਰ ਇਤਿਹਾਸਕ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਵਿੱਚ 200 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ ਤਾਂ ਕਿ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਐਤਵਾਰ ਨੂੰ ਇੱਥੇ ਟੈਗੋਰ ਥੀਏਟਰ ਵਿਖੇ 881 ਆਮ ਆਦਮੀ ਕਲੀਨਿਕਾਂ ਨੂੰ ‘ਵਟਸਐਪ ਚੈਟਬੋਟ’ ਨਾਲ ਜੋੜਨ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦੇਸ਼ ਦਾ ਸਭ ਤੋਂ ਸਫਲ ਸਿਹਤ ਮਾਡਲ ਸਾਬਤ ਹੋ ਰਿਹਾ ਹੈ ਜਿੱਥੇ ਮਰੀਜ਼ਾਂ ਦਾ ਸਾਰਾ ਇਲਾਜ ਬਿਲੁਕਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ 200 ਆਮ ਆਦਮੀ ਕਲੀਨਿਕ ਕਾਰਜਸ਼ੀਲ ਕਰੇਗੀ ਜਿਸ ਨਾਲ ਸੂਬੇ ਵਿੱਚ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਵਧ ਕੇ 1081 ਹੋ ਜਾਵੇਗੀ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਵੇਲੇ 565 ਆਮ ਆਦਮੀ ਕਲੀਨਿਕਾਂ ਪੇਂਡੂ ਇਲਾਕਿਆਂ ਵਿੱਚ ਜਦਕਿ 316 ਕਲੀਨਿਕ ਸ਼ਹਿਰੀ ਇਲਾਕਿਆਂ ਵਿੱਚ ਹਨ ਜਿੱਥੇ ਹੋਰ ਰੋਜ਼ ਲਗਪਗ 70,000 ਮਰੀਜ਼ ਆਉਂਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰੀ ਸਿਹਤ ਸਿਸਟਮ ਵਿੱਚ ਲੋਕਾਂ ਦਾ ਭਰੋਸਾ ਵਧ ਰਿਹਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚੋਂ ਸਭ ਤੋਂ ਵੱਧ ਮਹਿਲਾਵਾਂ ਅਤੇ ਉਸ ਤੋਂ ਬਾਅਦ ਬਜ਼ੁਰਗਾਂ ਦੀ ਗਿਣਤੀ ਵੱਧ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰ ਇਲਾਜ ਮੁਫ਼ਤ ਮਿਲ ਜਾਂਦਾ ਹੈ।ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਨ ਦੇ ਉਪਰਾਲੇ ਨੂੰ ਸਿਹਤ ਖੇਤਰ ਵਿੱਚ ਇਕ ਹੋਰ ਵੱਡੀ ਪ੍ਰਾਪਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮਰੀਜ਼ ਜਦੋਂ ਚਾਹੁਣ, ਆਪਣੀਆਂ ਦਵਾਈਆਂ ਜਾਂ ਜਾਂਚ ਰਿਪੋਰਟਾਂ ਮੋਬਾਈਲ ਉਤੇ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਸਿਹਤ ਸਹੂਲਤਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਕਰੀਬਨ 90 ਫੀਸਦੀ ਪੰਜਾਬੀਆਂ ਕੋਲ ਸਮਾਰਟਫੋਨ ਹਨ ਜਿਸ ਕਰਕੇ ਵਟਸਐਪ ਰਾਹੀਂ ਉਨ੍ਹਾਂ ਕੋਲ ਸਿੱਧੀ ਪਹੁੰਚ ਕੀਤੀ ਜਾ ਸਕਦੀ ਹੈ।ਆਮ ਲੋਕਾਂ ਲਈ ਵਟਸਐਪ ਚੈਟਬੋਟ ਦੇ ਲਾਭ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਡਾਕਟਰ ਦੀ ਦਵਾਈ ਵਾਲੀ ਪਰਚੀ, ਜਾਂਚ ਰਿਪੋਰਟਾਂ, ਡਾਕਟਰ ਵੱਲੋਂ ਦਿੱਤੀ ਅਗਲੀ ਤਰੀਕ ਬਾਰੇ ਸਮੇਂ-ਸਮੇਂ ਯਾਦ ਕਰਵਾਉਂਦੇ ਰਹਿਣਾ ਤੋਂ ਇਲਾਵਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਬਜ਼ੁਰਗਾਂ, ਗਰਭਵਤੀ ਮਹਿਲਾਵਾਂ, ਨਵ-ਜੰਮੇ ਬੱਚਿਆਂ ਦੀ ਸੰਭਾਲ ਬਾਰੇ ਵਟਸਐਪ ਰਾਹੀਂ ਜਾਣਕਾਰੀ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਮਰੀਜ਼ ਨੂੰ ਪਰਚੀਆਂ ਸਾਂਭਣ ਦੀ ਲੋੜ ਨਹੀਂ ਰਹੇਗੀ, ਸਗੋਂ ਉਹ ਜਦੋਂ ਚਾਹੁਣ ਵਟਸਐਪ ਤੋਂ ਜਾਣਕਾਰੀ ਲੈ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਕਦਮ ਨਾਲ ਸਿਹਤ ਵਿਭਾਗ ਕੋਲ ਵੀ ਬਿਮਾਰੀਆਂ ਅਤੇ ਇਲਾਜ ਬਾਰੇ ਸਾਰੇ ਮਰੀਜ਼ਾਂ ਦਾ ਡਾਟਾ ਤਿਆਰ ਹੋ ਜਾਵੇਗਾ।ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੁੱਤੇ ਦੇ ਵੱਢਣ ਨਾਲ ਪੀੜਤ ਲੋਕਾਂ ਨੂੰ ਫੌਰੀ ਇਲਾਜ ਦੇਣ ਲਈ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਇਹ ਇਲਾਜ ਮੁਫ਼ਤ ਮਿਲੇਗਾ। ਉਨ੍ਹਾਂ ਕਿਹਾ ਕਿ ਐਂਟੀ-ਰੈਬੀਜ਼ ਟੀਕੇ ਇਨ੍ਹਾਂ ਕਲੀਨਿਕਾਂ ਵਿੱਚ ਹੀ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਇਲਾਜ ਪਹਿਲਾਂ ਕਾਫੀ ਮਹਿੰਗਾ ਸੀ ਅਤੇ ਸਥਾਨਕ ਪੱਧਰ ਉਤੇ ਇਲਾਜ ਨਹੀਂ ਮਿਲਦਾ ਸੀ ਪਰ ਹੁਣ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਪੰਜਾਬ ਦੇ ਹਰੇਕ ਪਰਿਵਾਰ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਦੇਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪੰਜਾਬ ਪਹਿਲਾ ਸੂਬਾ ਹੋਵੇਗਾ ਜੋ ਆਪਣੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੇਵੇਗਾ। ਉਨ੍ਹਾਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੈਨੀਫੈਸਟੋ ਵਿੱਚ ਸਿਹਤ ਖੇਤਰ ਦਾ ਜ਼ਿਕਰ ਤੱਕ ਨਹੀਂ ਹੁੰਦਾ ਸੀ ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ਉਤੇ ਛੱਡ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹਾਲਾਤ ਇੱਥੋਂ ਤੱਕ ਪਹੁੰਚ ਗਏ ਸਨ ਕਿ ਪਿੰਡਾਂ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ ਇਲਾਜ ਕਰਵਾਉਣਾ ਹੀ ਨਹੀਂ ਚਾਹੁੰਦੇ ਸਨ ਕਿਉਂਕਿ ਇਲਾਜ ਮਹਿੰਗਾ ਹੋਣ ਕਰਕੇ ਉਹ ਆਪਣੇ ਪਰਿਵਾਰਾਂ ਨੂੰ ਕਰਜ਼ਾਈ ਨਹੀਂ ਦੇਖਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫਤ ਦੇਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਅਤੇ ਅਸੀਂ ਸਮਰਪਣ ਭਾਵਨਾ ਨਾਲ ਇਹ ਫਰਜ਼ ਨਿਭਾਅ ਰਹੇ ਹਾਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੈਡੀਕਲ ਬਣਾਉਣ ਲਈ ਵੱਡੇ ਉਪਰਾਲੇ ਕੀਤਾ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ, ਹੁਸ਼ਿਆਰਪੁਰ, ਸੰਗਰੂਰ ਅਤੇ ਨਵਾਂਸ਼ਹਿਰ ਵਿਖੇ ਚਾਰ ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਨੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ।

-----

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande