ਬੀਜਿੰਗ, 31 ਅਗਸਤ (ਹਿੰ.ਸ.)। ਚੀਨ ਦੇ ਤਿਆਨਜਿਨ ਵਿੱਚ ਐਤਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈ ਰਹੇ ਹਨ। ਸੰਮੇਲਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਮੁਲਾਕਾਤ ਤੈਅ ਹੈ। ਸੰਮੇਲਨ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ। ਅਮਰੀਕਾ ਵੱਲੋਂ ਇੱਕਪਾਸੜ ਟੈਰਿਫ ਵਾਰ ਸ਼ੁਰੂ ਕਰਨ ਦੇ ਵਿਚਕਾਰ ਐਸਸੀਓ ਸੰਮੇਲਨ ਬਹੁਤ ਮਹੱਤਵਪੂਰਨ ਹੋ ਗਿਆ ਹੈ। ਸੰਮੇਲਨ ਵਿੱਚ 20 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ 31 ਅਗਸਤ ਅਤੇ 1 ਸਤੰਬਰ ਨੂੰ ਐਸਸੀਓ ਸੰਮੇਲਨ ਵਿੱਚ ਹਿੱਸਾ ਲੈਣ ਲਈ ਚੀਨ ਪਹੁੰਚ ਗਏ ਹਨ। ਤਿਆਨਜਿਨ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਐਕਸ ਪੋਸਟ ਵਿੱਚ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਹ ਜਾਪਾਨ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਸ਼ਨੀਵਾਰ ਨੂੰ ਚੀਨ ਪਹੁੰਚੇ।ਪ੍ਰਧਾਨ ਮੰਤਰੀ ਮੋਦੀ ਦੇ ਤਿਆਨਜਿਨ ਪਹੁੰਚਣ ਤੋਂ ਬਾਅਦ, ਉਨ੍ਹਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਫੋਨ ਆਇਆ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ - ਰਾਸ਼ਟਰਪਤੀ ਜ਼ੇਲੇਂਸਕੀ ਦਾ ਉਨ੍ਹਾਂ ਦੇ ਫੋਨ ਕਾਲ ਲਈ ਧੰਨਵਾਦ। ਅਸੀਂ ਮੌਜੂਦਾ ਸੰਘਰਸ਼ ਅਤੇ ਸ਼ਾਂਤੀ ਬਹਾਲੀ 'ਤੇ ਚਰਚਾ ਕੀਤੀ। ਭਾਰਤ ਅਜਿਹੇ ਹਰ ਯਤਨ ਦਾ ਸਮਰਥਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਵਿੱਚ ਰੂਸ-ਯੂਕਰੇਨ ਯੁੱਧ ਵੱਡਾ ਮੁੱਦਾ ਹੋਵੇਗਾ।ਮੋਦੀ ਨੇ ਆਖਰੀ ਵਾਰ ਜੂਨ 2018 ਵਿੱਚ ਐਸਸੀਓ ਸੰਮੇਲਨ ਵਿੱਚ ਸ਼ਿਰਕਤ ਕੀਤੀ ਸੀ। ਜਿਸ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਕਤੂਬਰ 2019 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਹਾਲਾਂਕਿ, ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ। ਹਾਲ ਹੀ ਦੇ ਮਹੀਨਿਆਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਕਪਾਸੜ ਟੈਰਿਫ ਨੀਤੀਆਂ ਕਾਰਨ ਭਾਰਤ-ਅਮਰੀਕਾ ਸਬੰਧਾਂ ਵਿੱਚ ਆਈ ਗਿਰਾਵਟ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਬਹੁਤ ਮਹੱਤਵਪੂਰਨ ਹੋ ਗਈ ਹੈ। ਟਰੰਪ ਨੇ ਖਾਸ ਕਰਕੇ ਐਸਸੀਓ ਮੈਂਬਰ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਏ, ਜਿਨ੍ਹਾਂ ਵਿੱਚ ਭਾਰਤ (50%), ਚੀਨ (30%), ਕਜ਼ਾਕਿਸਤਾਨ (25%) ਅਤੇ ਹੋਰ ਦੇਸ਼ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ, ਐਸਸੀਓ ਦਾ ਮੰਚ ਅਮਰੀਕੀ ਟੈਰਿਫ ਦੇ ਵਿਰੁੱਧ ਖੜ੍ਹੇ ਹੋਣ ਵਾਲੇਦੇਸ਼ਾਂ ਲਈ ਅਤੇ ਖੁਦ ਅਮਰੀਕਾ ਲਈ ਵੀ ਬਹੁਤ ਮਹੱਤਵਪੂਰਨ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ