ਨਵੀਂ ਦਿੱਲੀ, 18 ਸਤੰਬਰ (ਹਿੰ.ਸ.)। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਵੱਲੋਂ ਐਲਾਨੀ 1,600 ਕਰੋੜ ਰੁਪਏ ਦੀ ਸ਼ੁਰੂਆਤੀ ਰਾਹਤ ਰਾਸ਼ੀ ਨੂੰ ਨੁਕਸਾਨ ਦੇ ਮੁਕਾਬਲੇ ਨਾਕਾਫ਼ੀ ਦੱਸਿਆ ਹੈ।
ਰਾਹੁਲ ਗਾਂਧੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਹੜ੍ਹਾਂ ਨੇ 4 ਲੱਖ ਏਕੜ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਹੈ ਅਤੇ 10 ਲੱਖ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ ਹੈ। ਲੱਖਾਂ ਲੋਕ, ਖਾਸ ਕਰਕੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਲੋਕ, ਬੇਘਰ ਹੋ ਗਏ ਹਨ। ਹਜ਼ਾਰਾਂ ਏਕੜ ਜ਼ਮੀਨ ਅਜੇ ਵੀ ਡੁੱਬੀ ਹੋਈ ਹੈ, ਅਤੇ ਪਿੰਡ ਸੰਪਰਕ ਤੋਂ ਕੱਟੇ ਹੋਏ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਲੋਕਾਂ ਦੇ ਦੁੱਖ ਨੂੰ ਨੇੜਿਓਂ ਦੇਖਿਆ। ਸੰਕਟ ਦੇ ਇਸ ਸਮੇਂ ਵਿੱਚ, ਪੰਜਾਬ ਦੇ ਲੋਕਾਂ ਨੇ ਆਪਸੀ ਸਹਿਯੋਗ ਅਤੇ ਮਾਨਵਤਾਵਾਦ ਦੀ ਮਿਸਾਲ ਕਾਇਮ ਕੀਤੀ ਹੈ। ਲੋਕ ਅਜਨਬੀਆਂ ਲਈ ਆਪਣੇ ਘਰ ਖੋਲ੍ਹ ਰਹੇ ਹਨ ਅਤੇ ਆਪਣੇ ਸੀਮਤ ਸਰੋਤਾਂ ਨਾਲ ਮਦਦ ਕਰ ਰਹੇ ਹਨ।
ਕਾਂਗਰਸ ਨੇਤਾ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਨੂੰ ਘੱਟੋ-ਘੱਟ 20,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਸੰਕਟ ਨੂੰ ਹੱਲ ਕਰਨ ਲਈ ਬੋਲਡਰ ਰਿਸਪਾਂਸ, ਭਾਵ ਹੋਰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਨੁਕਸਾਨ ਦਾ ਮੁਲਾਂਕਣ ਕਰਵਾਏ ਅਤੇ ਵਿਆਪਕ ਰਾਹਤ ਪੈਕੇਜ ਪ੍ਰਦਾਨ ਕਰੇ।
ਰਾਹੁਲ ਗਾਂਧੀ ਨੇ ਕਿਹਾ, ਪੰਜਾਬ ਫਿਰ ਤੋਂ ਉੱਠ ਖੜ੍ਹਾ ਹੋਵੇਗਾ, ਪਰ ਇਸ ਮੁਸ਼ਕਲ ਸਮੇਂ ਵਿੱਚ ਸਾਨੂੰ ਹਰ ਕਿਸਾਨ, ਹਰ ਸੈਨਿਕ ਅਤੇ ਹਰ ਪਰਿਵਾਰ ਨੂੰ ਭਰੋਸਾ ਦਿਵਾਉਣਾ ਹੋਵੇਗਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ