ਗੁਰਦਾਸਪੁਰ, 18 ਸਤੰਬਰ (ਹਿੰ.ਸ.)। ਭਾਰਤ ਸਰਕਾਰ ਅਤੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਸਮੀਤ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗੁਰਦਾਸਪੁਰ ਦੀ ਅਗਵਾਈ ਹੇਠ ਅੱਜ 8ਵੇਂ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗੁਰਦਾਸਪੁਰ ਵੱਲੋਂ ਪੋਸ਼ਣ ਮਾਹ ਦੀ ਸ਼ੁਰੂਆਤ ਕਰਦੇ ਹੋਏ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਨੇ ਦੱਸਿਆ ਕਿ ਮਿਤੀ 17 ਸਤੰਬਰ 2025 ਤੋਂ 16 ਅਕਤੂਬਰ 2025 ਤੱਕ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਜਾਣਾ ਹੈ। ਪੋਸ਼ਣ ਮਾਹ ਦੌਰਾਨ ਕੁਪੋਸ਼ਣ ਦੇ ਵੱਧ ਸ਼ਿਕਾਰ (ਐੱਸ.ਏ.ਐੱਮ.) ਅਤੇ ਅੰਸ਼ਕ ਤੌਰ 'ਤੇ ਕੁਪੋਸ਼ਣ ਦੇ ਸ਼ਿਕਾਰ (ਐੱਮ.ਏ.ਐੱਮ.) ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਕਿਸ਼ੋਰ ਲੜਕੀਆਂ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪੋਸ਼ਣ ਸਬੰਧੀ ਨਤੀਜਿਆਂ ਨੂੰ ਸੰਪੂਰਨ ਰੂਪ ਵਿੱਚ ਬਿਹਤਰ ਬਣਾਉਣ ਦਾ ਯਤਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬੱਚਿਆਂ, ਕਿਸੋਰੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਸਵਸਥ ਅਤੇ ਮਜ਼ਬੂਤ ਕੀਤਾ ਜਾਵੇ ਅਤੇ ਪੋਸ਼ਣ ਮਾਹ ਦੌਰਾਨ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ‘ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ ਇਸ ਮੁਹਿੰਮ ਨੂੰ ਹਰ ਸਕੂਲ, ਹਰ ਪਿੰਡ ਵਿੱਚ ਪਹੁੰਚਿਆ ਜਾਵੇ ਤਾਂ ਜੋ ਕੋਈ ਵੀ ਬੱਚਾ ਕੁਪੋਸ਼ਣ ਨਾ ਹੋਵੇ। ਇਸ ਮੌਕੇ ਪੋਸ਼ਣ ਮਾਹ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦੇ ਵਿਚ ਅਲੱਗ-ਅਲੱਗ ਗਤੀਵਿਧੀਆਂ ਕਰਨ ਬਾਰੇ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਕਮਲਪ੍ਰੀਤ ਕੌਰ ਡਿਸਟ੍ਰਿਕਟ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਨੀਮੀਆ ਅਤੇ ਢੁਕਵੀਂ ਸਾਫ਼-ਸਫ਼ਾਈ ਬਾਰੇ ਜਾਗਰੂਕਤਾ ਫੈਲਾਉਣ ’ਤੇ ਧਿਆਨ ਦਿੱਤਾ ਜਾਵੇਗਾ। ਇਸਦਾ ਉਦੇਸ਼ ਉਨ੍ਹਾਂ ਨੂੰ ਕਸਰਤ ਅਤੇ ਵਾਤਾਵਰਣ ਸੁਧਾਰ ਦੇ ਨਾਲ-ਨਾਲ ਸਿਹਤਮੰਦ ਅਤੇ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਪੋਸ਼ਣ ਮਾਹ ਦੌਰਾਨ ਮਾਂ ਦਾ ਦੁੱਧ ਚੁੰਘਾਉਣਾ ਅਤੇ ਸੰਪੂਰਨ ਖ਼ੁਰਾਕ ਦੇਣਾ, ਸਵਸਥ ਬਾਲਕ ਸਪਰਧਾ, ਪੋਸ਼ਣ ਵੀ ਪੜ੍ਹਾਈ ਵੀ, ਮਿਸ਼ਨ ਲਾਈਫ਼ ਦੁਆਰਾ ਪੋਸ਼ਣ ਵਿੱਚ ਸੁਧਾਰ ਕਰਨਾ, ਮੇਰੀ ਮਿੱਟੀ ਮੇਰਾ ਦੇਸ਼, ਆਮ ਲੋਕਾਂ ਵਿੱਚ ਪੋਸ਼ਣ ਜਾਗਰੂਕਤਾ ਫੈਲਾਉਣਾ ਅਤੇ ਟੈੱਸਟ, ਟ੍ਰੀਟ, ਟਾਕ ਅਨੀਮੀਆ ਵਿਸ਼ਿਆਂ ‘ਤੇ ਕੇਂਦਰਿਤ ਗਤੀਵਿਧੀਆਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋ ਇਲਾਵਾ ਮੀਟਿੰਗ ਵਿੱਚ ਸ਼ਸ਼ੀ ਬਾਲਾ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਗੁਰਦਾਸਪੁਰ, ਮਲਕੀਤ ਸਿੰਘ (ਸੁਪਰਡੈਂਟ) ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗੁਰਦਾਸਪੁਰ, ਸੁਪਰਵਾਈਜ਼ਰ ਅਤੇ ਸਟਾਫ਼ ਦੇ ਕਰਮਚਾਰੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ