ਕਰੂਰ (ਤਾਮਿਲਨਾਡੂ), 30 ਸਤੰਬਰ (ਹਿੰ.ਸ.)। ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਅੱਜ ਤਾਮਿਲਨਾਡੂ ਦੇ ਕਰੂਰ ਵਿੱਚ ਭਗਦੜ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਕਾਂਗਰਸ ਦੇ ਅਨੁਸਾਰ, ਵੇਣੂਗੋਪਾਲ ਦੇ ਨਾਲ ਕਾਂਗਰਸ ਤਾਮਿਲਨਾਡੂ ਇੰਚਾਰਜ ਗਿਰੀਸ਼ ਚੋਡਾਨਕਰ, ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ. ਸੇਲਵਾਪੇਰੁੰਥਗਈ, ਕਾਂਗਰਸ ਵਿਧਾਨ ਸਭਾ ਪਾਰਟੀ ਦੇ ਨੇਤਾ ਰਾਜੇਸ਼ ਕੁਮਾਰ, ਕਰੂਰ ਸੰਸਦ ਮੈਂਬਰ ਸੁ. ਜੋਥੀਮਣੀ ਅਤੇ ਹੋਰ ਪਾਰਟੀ ਨੇਤਾ ਵੀ ਸਨ।
ਕਾਂਗਰਸ ਨੇਤਾਵਾਂ ਨੇ ਰਾਜ ਸਰਕਾਰ ਤੋਂ ਇਸ ਦੁਖਾਂਤ ਦੀ ਪੂਰੀ ਨਿਰਪੱਖ ਜਾਂਚ ਅਤੇ ਪੀੜ੍ਹਿਤਾਂ ਲਈ ਲੰਬੇ ਸਮੇਂ ਦੀ ਸਹਾਇਤਾ ਦੀ ਮੰਗ ਕੀਤੀ। ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਇਸ ਦੁਖਦਾਈ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।ਜ਼ਿਕਰਯੋਗ ਹੈ ਕਿ ਇਹ ਭਗਦੜ 27 ਸਤੰਬਰ ਨੂੰ ਕਰੂਰ ਵਿੱਚ ਤਮਿਲਗਾ ਵੇਤ੍ਰੀ ਕਝਗਮ (ਟੀਵੀਕੇ) ਦੀ ਇੱਕ ਰੈਲੀ ਦੌਰਾਨ ਹੋਈ ਸੀ, ਜਿੱਥੇ ਟੀਵੀਕੇ ਦੇ ਸੰਸਥਾਪਕ ਅਤੇ ਅਦਾਕਾਰ ਵਿਜੇ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਵਿਜੇ ਦੇ ਰੈਲੀ ਵਿੱਚ ਦੇਰ ਨਾਲ ਪਹੁੰਚਣ ਅਤੇ ਭੀੜ ਦੇ ਬਹੁਤ ਜ਼ਿਆਦਾ ਉਤਸ਼ਾਹ ਕਾਰਨ ਸ਼ਾਮ 7:40 ਵਜੇ ਦੇ ਕਰੀਬ ਸਟੇਜ ਵੱਲ ਧੱਕਾ-ਮੁੱਕੀ ਹੋਈ, ਜਿਸ ਕਾਰਨ ਭਗਦੜ ਮਚੀ। ਘੱਟੋ-ਘੱਟ 41 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।
ਤਾਮਿਲਨਾਡੂ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਸੇਵਾਮੁਕਤ ਜਸਟਿਸ ਅਰੁਣਾ ਜਗਦੀਸ਼ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਹੈ। ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਟੀਵੀਕੇ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ