ਲੱਦਾਖ, 9 ਸਤੰਬਰ (ਹਿੰ.ਸ.)। ਸਿਆਚਿਨ ਗਲੇਸ਼ੀਅਰ ਵਿੱਚ ਮੰਗਲਵਾਰ ਨੂੰ ਬਰਫ਼ੀਲੇ ਤੋਦਿਆਂ ਨੇ ਇੱਕ ਫੌਜੀ ਪੋਸਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਭਾਰਤੀ ਫੌਜ ਦੀ ਮਹਾਰ ਰੈਜੀਮੈਂਟ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚੋਂ ਦੋ ਅਗਨੀਵੀਰ ਸਨ। ਇਹ ਜਵਾਨ ਲਗਭਗ ਪੰਜ ਘੰਟੇ ਤੱਕ ਬਰਫ਼ ਹੇਠ ਦੱਬੇ ਰਹੇ, ਜਿਸ ਤੋਂ ਬਾਅਦ ਬਚਾਅ ਟੀਮ ਮੌਕੇ 'ਤੇ ਪਹੁੰਚ ਸਕਿਆ।
ਸੈਨਾ ਦੇ ਅਨੁਸਾਰ, ਇਸ ਬਰਫ਼ਬਾਰੀ ਵਿੱਚ ਫੌਜ ਦੇ ਕੈਪਟਨ ਵੀ ਫਸ ਗਏ ਸੀ, ਪਰ ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਫੌਜ ਦੀਆਂ ਵਿਸ਼ੇਸ਼ ਟੀਮਾਂ ਤੁਰੰਤ ਸਰਗਰਮ ਹੋ ਗਈਆਂ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਲੇਹ ਅਤੇ ਊਧਮਪੁਰ ਤੋਂ ਵਾਧੂ ਟੀਮਾਂ ਬੁਲਾਈਆਂ ਗਈਆਂ ਹਨ।
ਦਰਅਸਲ, ਸਰਦੀਆਂ ਦੌਰਾਨ ਸਿਆਚਿਨ ਅਤੇ ਲੱਦਾਖ ਦੇ ਉੱਚੇ ਇਲਾਕਿਆਂ ਵਿੱਚ ਅਕਸਰ ਬਰਫ਼ੀਲੇ ਤੋਦੇ ਡਿੱਗਣ ਦੀਆਂ ਘਟਨਾਵਾਂ ਹੁੰਦੀਆਂ ਹਨ। ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਹੈ, ਜਿੱਥੇ ਭਾਰਤੀ ਸੈਨਿਕ ਮਾਈਨਸ 60 ਡਿਗਰੀ ਤਾਪਮਾਨ, ਤੇਜ਼ ਹਵਾਵਾਂ ਅਤੇ ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ ਡਟੇ ਰਹਿੰਦੇ ਹਨ। ਹੁਣ ਤੱਕ, ਸਿਆਚਿਨ ਵਿੱਚ ਕਠੋਰ ਮੌਸਮ ਅਤੇ ਕੁਦਰਤੀ ਆਫ਼ਤਾਂ ਕਾਰਨ ਇੱਕ ਹਜ਼ਾਰ ਤੋਂ ਵੱਧ ਭਾਰਤੀ ਸੈਨਿਕ ਸ਼ਹੀਦ ਹੋ ਚੁੱਕੇ ਹਨ। ਇੱਥੇ ਜਵਾਨ ਨਾ ਸਿਰਫ਼ ਦੁਸ਼ਮਣ ਨਾਲ ਲੜਦੇ ਹਨ, ਸਗੋਂ ਕਠੋਰ ਮੌਸਮ ਅਤੇ ਬਰਫੀਲੇ ਤੂਫਾਨਾਂ ਨਾਲ ਵੀ ਲੜਦੇ ਹਨ। ਹੋਰ ਜਾਣਕਾਰੀ ਦੀ ਅਜੇ ਉਡੀਕ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ