
ਅੰਮ੍ਰਿਤਸਰ, 18 ਜਨਵਰੀ (ਹਿੰ. ਸ.)। ਹਲਕਾ ਜੰਡਿਆਲਾ ਗੁਰੂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪਿੰਡਾਂ ’ਚ ਬੁਨਿਆਦੀ ਖੇਡ ਢਾਂਚਾ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਬਲਾਕ ਜੰਡਿਆਲਾ ਗੁਰੂ ਦੇ ਚਾਰ ਪਿੰਡਾਂ ਵਿੱਚ ਕੁੱਲ 97 ਲੱਖ 85 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੇਡ ਮੈਦਾਨਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੌਹਾਨ ਵਿਖੇ 32.06 ਲੱਖ ਰੁਪਏ, ਗ੍ਰਾਮ ਪੰਚਾਇਤ ਜਾਣੀਆਂ ਵਿਖੇ 24.11 ਲੱਖ ਰੁਪਏ, ਗ੍ਰਾਮ ਪੰਚਾਇਤ ਤਾਰਾਗੜ੍ਹ ਵਿਖੇ 23.52 ਲੱਖ ਰੁਪਏ ਅਤੇ ਗ੍ਰਾਮ ਪੰਚਾਇਤ ਬਾਲੀਆਂ ਮੰਝਪੁਰ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਇਨ੍ਹਾਂ ਖੇਡ ਮੈਦਾਨਾਂ ਵਿੱਚ ਫੈਂਸਿੰਗ, ਲੇਡੀਜ਼-ਜੈਂਟਸ ਬਾਥਰੂਮ, ਫੁੱਟ ਲਾਈਟਸ, ਹਾਈ ਮਾਸਟ ਲਾਈਟਸ, ਸਪ੍ਰਿੰਕਲਰ ਸਿਸਟਮ, ਵਾਲੀਬਾਲ ਕੋਰਟ ਅਤੇ ਫੁੱਟਬਾਲ ਗਰਾਊਂਡ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਿਹਤਮੰਦ ਜੀਵਨ ਵੱਲ ਮੋੜਣਾ ਹੈ। ਇਨ੍ਹਾਂ ਖੇਡ ਮੈਦਾਨਾਂ ਨਾਲ ਪਿੰਡਾਂ ਦੇ ਗੱਭਰੂਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਮਿਲੇਗਾ ਅਤੇ ਹਲਕੇ ਵਿੱਚ ਖੇਡ ਸੱਭਿਆਚਾਰ ਨੂੰ ਨਵੀਂ ਦਿਸ਼ਾ ਮਿਲੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ