
ਤਰਨਤਾਰਨ, 18 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਮੱਦੇਨਜ਼ਰ ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵੱਲੋਂ ਜ਼ਿਲੇ ਦੇ ਪਿੰਡ ਜੰਡੋਕੇ ਸਰਹਾਲੀ ਵਿਖੇ ਚੱਲ ਰਹੇ ਨਜਾਇਜ਼ ਨਸ਼ਾ ਛਡਾਓ ਕੇਂਦਰ ਵਿਖੇ ਅਚਨਚੇਤ ਰੇਡ ਕਰਕੇ ਕੇਂਦਰ ਵਿਖੇ ਇਲਾਜ ਕਰਵਾ ਰਹੇ 16 ਮਰੀਜ਼ਾਂ ਨੂੰ ਸੁਰੱਖਿਤ ਢੰਗ ਨਾਲ ਬਚਾ ਕੇ ਸਰਕਾਰੀ ਨਸ਼ਾ ਛੜਾਓ ਕੇਂਦਰ ਵਿਖੇ ਦਾਖਲ ਕਰਵਾਇਆ ਗਿਆ। ਵਿਸ਼ੇਸ਼ ਟੀਮ ਦੀ ਅਗਵਾਈ ਉਪ ਮੰਡਲ ਮਜਿਸਟਰੇਟ ਤਰਨ ਤਾਰਨ ਗੁਰਮੀਤ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਸਿਹਤ ਵਿਭਾਗ ਡਾਕਟਰ ਰੂਪਮ ਚੌਧਰੀ ਵੱਲੋਂ ਕੀਤੀ ਗਈ। ਇਸ ਟੀਮ ਵਿੱਚ ਤਹਿਸੀਲਦਾਰ ਗੁਰਪ੍ਰੀਤ ਸਿੰਘ,ਮਨੋਰੋਗਾਂ ਦੇ ਮਾਹਿਰ ਡਾਕਟਰ ਓਮ ਬੰਧਣ, ਐਸਐਚਓ ਸਰਹਾਲੀ, ਫਾਰਮੇਸੀ ਅਫਸਰ ਵਰਿੰਦਰ ਭਾਟੀਆ ਅਤੇ ਕੋਂਸਲਰ ਪਰਮਿੰਦਰ ਸਿੰਘ, ਏ. ਐਸ. ਆਈ ਸ਼ਾਲਿੰਦਰ ਸਿੰਘ ਟੀਮ ਵਿੱਚ ਸ਼ਾਮਿਲ ਰਹੇ।
ਨਜਾਇਜ਼ ਡੀ ਅਡਿਕਸ਼ਨ ਕੇਂਦਰ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮਜਿਸਟਰੇਟ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਜੰਡੋਕੇ ਸਰਹਾਲੀ ਵਿਖੇ ਚੱਲ ਰਿਹਾ ਨਸ਼ਾ ਛੁਡਾਊ ਕੇਂਦਰ ਨੂੰ ਬਿਨਾਂ ਕਿਸੇ ਮਨਜ਼ੂਰੀ ਅਤੇ ਰਜਿਸਟਰੇਸ਼ਨ ਤੋਂ ਚਲਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਗੈਰ ਕਾਨੂੰਨੀ ਨਸ਼ਾ ਛੜਾਓ ਕੇਂਦਰ ਨੂੰ ਚਲਾਉਣ ਵਾਲੇ ਮੁਖੀ ਅਤੇ ਬਾਕੀ ਸਟਾਫ ਪਾਸ ਲੁੜਿੰਦਾ ਯੋਗਤਾ ਵੀ ਨਹੀਂ ਪਾਈ ਗਈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ ਨੇ ਦੱਸਿਆ ਗੈਰ ਕਾਨੂੰਨੀ ਨਸ਼ਾ ਛੁੜਾਉ ਕੇਂਦਰ ਤੋਂ ਬਚਾਏ ਗਏ 16 ਦੇ ਕਰੀਬ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ।
ਉਨਾਂ ਦੱਸਿਆ ਕਿ ਜਾਂਚ ਟੀਮ ਵੱਲੋਂ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਤੁਰੰਤ ਬੰਦ ਕਰ ਕਰਕੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨਾਂ ਆਮ ਨਾਗਰਿਕਾਂ ਅਤੇ ਨਸ਼ੇ ਤੋਂ ਪੀੜਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੀੜਿਤ ਵਿਅਕਤੀ ਦਾ ਇਲਾਜ ਸਿਰਫ ਸਰਕਾਰੀ ਜਾਂ ਫਿਰ ਮਨਜ਼ੂਰ ਸ਼ੁਦਾ ਨਸ਼ਾ ਛੜਾਉ ਕੇਂਦਰ ਤੋਂ ਹੀ ਕਰਵਾਉਣ ਅਤੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਅਤੇ ਇਹਨਾਂ ਨੂੰ ਚਲਾਉਣ ਵਾਲੇ ਵਿਅਕਤੀਆਂ ਤੋਂ ਬਚਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ