
ਅੰਮ੍ਰਿਤਸਰ 23 ਜਨਵਰੀ (ਹਿੰ. ਸ.)। ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਮੁੱਖ ਦਫ਼ਤਰ ਵਿਖੇ ਮੁੱਖ ਮੰਤਰੀ ਬੀਮਾ ਯੋਜਨਾ ਦੇ ਲਾਂਚ ਸਮਾਗਮ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਢੋਲ ਦੀਆਂ ਥਾਪਾਂ ’ਤੇ ਖੁਸ਼ੀ ਮਨਾਈ ਗਈ ਅਤੇ ਲੋਕਾਂ ਵਿੱਚ ਲੱਡੂ ਵੰਡੇ ਗਏ। ਇਸ ਦੌਰਾਨ ਲੋਕਾਂ ਨੇ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਲਾਂਚ ਸਮਾਗਮ ਨੂੰ ਲਾਈਵ ਦੇਖਿਆ, ਜਿੱਥੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਇਤਿਹਾਸਕ ਸਕੀਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਬੀਮਾ ਯੋਜਨਾ ਪੰਜਾਬ ਸਰਕਾਰ ਦਾ ਇੱਕ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਹੈ, ਜਿਸ ਨਾਲ ਸਿਹਤ ਸੇਵਾਵਾਂ ਹਰ ਆਮ ਨਾਗਰਿਕ ਦੀ ਪਹੁੰਚ ਵਿੱਚ ਆ ਰਹੀਆਂ ਹਨ। ਡਾ. ਨਿੱਜਰ ਨੇ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸਦਿਆਂ ਕਿਹਾ ਕਿ ਇਸ ਯੋਜਨਾ ਅਧੀਨ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲੇਗਾ, ਇਹ ਸਕੀਮ ਆਮਦਨ, ਵਰਗ ਜਾਂ ਜਾਤੀ ਤੋਂ ਬਿਨਾਂ, ਪੰਜਾਬ ਦੇ ਹਰ ਨਾਗਰਿਕ ਲਈ ਹੈ, ਇਸ ਤੋ ਇਲਾਵਾ ਸਰਕਾਰੀ ਦੇ ਨਾਲ-ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਵੀ ਇਲਾਜ ਦੀ ਸਹੂਲਤ ਉਪਲਬਧ ਹੋਵੇਗੀ। ਦਿਲ, ਕੈਂਸਰ, ਕਿਡਨੀ, ਵੱਡੀਆਂ ਸਰਜਰੀਆਂ ਸਮੇਤ ਗੰਭੀਰ ਬੀਮਾਰੀਆਂ ਦਾ ਇਲਾਜ ਇਸ ਵਿੱਚ ਸ਼ਾਮਲ ਹੈ ।
ਡਾ. ਨਿੱਜਰ ਨੇ ਕਿਹਾ ਕਿ ਹੁਣ ਬੀਮਾਰੀ ਕਾਰਨ ਕਿਸੇ ਨੂੰ ਕਰਜ਼ੇ ਹੇਠ ਦਬਣਾ ਜਾਂ ਆਪਣੀ ਜਾਇਦਾਦ ਵੇਚਣੀ ਨਹੀਂ ਪਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਨੂੰ ਅਧਿਕਾਰ ਮੰਨਦੀ ਹੈ, ਨਾ ਕਿ ਸੁਵਿਧਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਕੀਮ ਹੇਠ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਅਤੇ ਇਸ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ