
ਧੂਰੀ, 28 ਜਨਵਰੀ (ਹਿੰ. ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਆਧੁਨਿਕ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ, ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਧੂਰੀ ਹਲਕੇ ਵਿੱਚ ਕੁੱਲ 4.78 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਧੂਰੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਸੁੰਦਰੀਕਰਨ ਵੱਲ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ।
ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਦੇ ਵਾਰਡ ਨੰਬਰ 18 ਵਿਖੇ ਕਰੀਬ 47 ਲੱਖ ਰੁਪਏ ਅਤੇ ਵਾਰਡ ਨੰਬਰ 1 ਵਿਖੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਵਾਰਡਾਂ ਵਿੱਚ ਨਵੀਂ ਬਲਾਕ ਟਾਈਲਾਂ ਲਗਾਉਣ ਸਮੇਤ ਹੋਰ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਤਾਂ ਜੋ ਵਾਰਡ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਵਿੱਚ ਸੀਵਰੇਜ ਦੀ ਸਮੱਸਿਆ ਦੇ ਸਥਾਈ ਹੱਲ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਤੇ ਬਹੁਤ ਜਲਦ ਇਸ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਜਾਵੇ।
ਧੂਰੀ ਸ਼ਹਿਰ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਸਮੇਤ ਧੂਰੀ ਦੇ ਐਂਟਰੀ ਪੁਆਇੰਟਾਂ ਦੇ ਕਰੀਬ 3.61 ਕਰੋੜ ਰੁਪਏ ਨਾਲ ਹੋਣ ਵਾਲੇ ਸੁੰਦਰੀਕਰਨ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਮਲੇਰਕੋਟਲਾ ਵਾਲੇ ਪਾਸੇ ਤੋਂ ਧੂਰੀ ਦੇ ਮੁੱਖ ਐਂਟਰੀ ਪੁਆਇੰਟ ਦੇ ਸੁੰਦਰੀਕਰਨ ਅਤੇ ਅਪਗ੍ਰੇਡੇਸ਼ਨ ’ਤੇ ਕਰੀਬ 1.90 ਕਰੋੜ ਰੁਪਏ ਨਾਲ ਅਤੇ ਬਾਗੜੀਆਂ/ਨਾਭਾ ਵਾਲੇ ਪਾਸੇ ਤੋਂ ਧੂਰੀ ਦੇ ਐਂਟਰੀ ਪੁਆਇੰਟ ਦੇ ਸੁੰਦਰੀਕਰਨ ਅਤੇ ਅਪਗ੍ਰੇਡੇਸ਼ਨ ’ਤੇ ਕਰੀਬ 1.71 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਸ਼ਹਿਰ ਦੇ ਦਾਖ਼ਲੇ ਨੂੰ ਆਕਰਸ਼ਕ ਦਿੱਖ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਐਂਟਰੀ ਗੇਟਾਂ ਵਾਲੇ ਕੱਚੇ ਸਥਾਨ ’ਤੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ ਅਤੇ ਨਵੇਂ ਬੂਟੇ ਲਗਾਉਣ ਸਮੇਤ ਸੜਕ ਵਿਚਾਲੇ ਡਵਾਈਡਰ, ਪਾਮ ਦੇ ਦਰੱਖਤ, ਫੈਨਸੀ ਲਾਈਟਾਂ, ਬੈਠਣ ਲਈ ਕੁਰਸੀਆਂ, ਸਾਈਨ ਬੋਰਡ, ਵੈੱਲਕਮ ਬੋਰਡ ਅਤੇ ਐਲ.ਈ.ਡੀ. ਨਾਲ ਬਣੇ ਪਾਮ ਟਰੀ ਬਣਾਏ ਜਾਣਗੇ ਜੋ ਧੂਰੀ ਸ਼ਹਿਰ ਵਿੱਚ ਦਾਖ਼ਲੇ ਸਮੇਂ ਸ਼ਹਿਰ ਨੂੰ ਨਵੀਂ ਦਿੱਖ ਪ੍ਰਦਾਨ ਕਰਨਗੇ।
ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰੀ ਵਿਕਾਸ, ਬੁਨਿਆਦੀ ਢਾਂਚੇ ਅਤੇ ਲੋਕ-ਹਿਤੈਸ਼ੀ ਪ੍ਰੋਜੈਕਟਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ, ਤਾਂ ਜੋ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਸੰਤੁਲਿਤ, ਪਾਰਦਰਸ਼ੀ ਅਤੇ ਟਿਕਾਊ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ