
ਤਰਨਤਾਰਨ, 28 ਜਨਵਰੀ (ਹਿੰ. ਸ.)। ਗਣਤੰਤਰ ਦਿਵਸ ਮੌਕੇ ਕਰਤੱਵਿਆ ਪੱਥ ’ਤੇ ਪੰਜਾਬ ਦੀ ਝਾਕੀ ਰਾਹੀਂ ਪੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਪੇਸ਼ ਕੀਤਾ ਗਿਆ ਜਿਸ ਨੂੰ ਸਭ ਨੇ ਸ਼ਰਧਾਂਜਲੀ ਦਿੱਤੀ, ਇਸ ਝਾਕੀ ਨੇ ਆਪਣੇ ਵੱਲ ਧਿਆਨ ਖਿੱਚਦਿਆਂ ਸਮੁੱਚੇ ਦੇਸ਼ ਨੂੰ ਮਾਨਵਤਾ, ਨਿਆਂ ਅਤੇ ਧਰਮ ਦੀ ਰਾਖੀ ਦੇ ਸੰਦੇਸ਼ ਦਿੱਤਾ।
ਇਸ ਸਬੰਧੀ ਗੱਲ ਕਰਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਰਤੱਵਿਆ ਪੱਥ ’ਤੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਦੀ ਪੰਜਾਬ ਦੀ ਬੇਮਿਸਾਲ ਝਾਕੀ `ਤੇ ਦੇਸ਼ ਭਰ ਨੇ ਮਾਣ ਮਹਿਸੂਸ ਕੀਤਾ ਅਤੇ ਸਮੁੱਚੇ ਦੇਸ਼ ਨੂੰ ਉਨ੍ਹਾਂ ਦੀ ਕੁਰਬਾਨੀ ਅਤੇ ਮਨੁੱਖਤਾ ਦੇ ਸਦੀਵੀ ਸੰਦੇਸ਼ ਦੀ ਯਾਦ ਦਿਵਾਈ।
ਵਿਧਾਇਕ ਸਰਵਨ ਸਿੰਘ ਧੁੰਨ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਮਨੁੱਖੀ ਅਧਿਕਾਰਾਂ, ਧਰਮ ਦੀ ਰਾਖੀ ਅਤੇ ਨਿਆਂ ਦਾ ਇੱਕ ਸਥਾਈ ਪ੍ਰਮਾਣ ਹੈ ਅਤੇ ਸਾਨੂੰ ਅਨਿਆਂ ਅਤੇ ਜ਼ੁਲਮ ਵਿਰੁੱਧ ਦ੍ਰਿੜਤਾ ਨਾਲ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰੇਕ ਵਰਗ ਨੂੰ ਗੁਰੂ ਸਾਹਿਬ ਜੀ ਦੇ ਮਹਾਨ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ