
ਚੰਡੀਗੜ੍ਹ, 11 ਅਕਤੂਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਪੁਖ਼ਤਾ ਪ੍ਰਬੰਧ ਨਾ ਕਰਨ ਲਈ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਮੰਡੀਆਂ ਵਿਚ ਇੰਤਜਾਮ ਨਾ ਹੋਣ ਕਾਰਨ ਕਿਸਾਨਾਂ ਦਾ ਝੋਨਾ ਮੀਂਹ ਵਿਚ ਭਿੱਜ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਪੈਸਾ ਮੋਦੀ ਸਰਕਾਰ ਨੇ ਭੇਜਿਆ ਪਰ ਆਪ ਦੀ ਸਰਕਾਰ ਖਰੀਦ ਦੇ ਇੰਤਜਾਮ ਵੀ ਨਹੀਂ ਕਰ ਸਕੀ ਅਤੇ ਇਸ ਸਰਕਾਰ ਦੇ ਲੁੱਟ ਦੇ ਮਾਡਲ ਤਹਿਤ ਕਿਸਾਨਾਂ ਤੋਂ ਕਾਟ ਨਾਂ ਤੇ ਵੱਡੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਤੇ ਆੜਤੀਏ ਧਰਨੇ ਲਗਾਉਣ ਲਈ ਮਜਬੂਰ ਹੋ ਰਹੇ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਅਤੇ ਇਸਦੇ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ।
ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਲਿਖਿਆ ਹੈ ਕਿ ਝੋਨੇ ਦੀ ਸਰਕਾਰੀ ਖਰੀਦ ਲਈ ਸਾਰੀ ਰਕਮ ਤਾਂ ਭਾਰਤ ਸਰਕਾਰ ਨੇ ਭੇਜ ਦਿੱਤੀ ਪਰ, ਮੰਡੀਆਂ ਵਿਚ ਪ੍ਰਬੰਧ ਤਾਂ ਭਗਵੰਤ ਮਾਨ ਤੁਹਾਡੀ ਸਰਕਾਰ ਨੇ ਕਰਨੇ ਸੀ। ਬੀਤੀ ਰਾਤ ਤੋਂ ਹੋਈ ਬਾਰਿਸ਼ ਨੇ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਹੀ ਗਿੱਲੀ ਨਹੀਂ ਕੀਤੀ ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਡੋਬ ਦਿੱਤਾ ਹੈ। ਜੇਕਰ ਤੁਹਾਡੇ ਭ੍ਰਿਸ਼ਟਾਚਾਰ ਵਾਲੇ ਕੇਸਾਂ ਬਾਬਤ ਜੋ ਵਕੀਲਾਂ ਤੱਕ ਭੱਜਨੱਠ ਕਰ ਰਹੇ ਹੋ, ਉਸਤੋਂ ਵੇਹਲ ਮਿਲੇ ਤਾਂ ਕਿਸਾਨਾਂ ਦੀ ਮੰਡੀਆਂ ਵਿਚ ਸਾਰ ਹੀ ਲੈ ਲਵੋ।
ਹਿੰਦੂਸਥਾਨ ਸਮਾਚਾਰ / GURSHARAN SINGH