
ਤੇਜ਼ ਹਨੇਰੀ ਅਤੇ ਮੀਂਹ ਕਾਰਨ ਫਰੀਦਕੋਟ ਦੀ ਮੰਡੀ ਵਿੱਚ ਪਿਆ ਝੋਨਾ ਭਿੱਜਿਆ, ਤਾਪਮਾਨ ਵਿੱਚ 1.6 ਡਿਗਰੀ ਦੀ ਗਿਰਾਵਟ
ਚੰਡੀਗੜ੍ਹ, 11 ਅਕਤੂਬਰ (ਹਿੰ.ਸ.)|ਪੰਜਾਬ ਵਿੱਚ ਐਤਵਾਰ ਸਵੇਰੇ ਅਚਾਨਕ ਮੌਸਮ ਬਦਲ ਗਿਆ। ਜਲੰਧਰ ਵਿੱਚ ਦਿਨ ਵੇਲੇ ਹੀ ਹਨੇਰਾ ਛਾ ਗਿਆ ਅਤੇ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ। ਲੁਧਿਆਣਾ ਅਤੇ ਫਰੀਦਕੋਟ ਵਿੱਚ ਵੀ ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਦਰਜ ਕੀਤਾ ਗਿਆ। ਫਰੀਦਕੋਟ ਵਿੱਚ ਮੰਡੀ ਵਿੱਚ ਪਿਆ ਝੋਨਾ ਮੀਂਹ ਕਾਰਨ ਭਿੱਜ ਗਿਆ, ਜਿਸ ਨਾਲ ਕਿਸਾਨਾਂ ਅਤੇ ਫ਼ਸਲ ਦੀ ਸੰਭਾਲ ਨੂੰ ਲੈ ਕੇ ਚਿੰਤਾ ਵਧ ਗਈ। ਉੱਧਰ, ਚੰਡੀਗੜ੍ਹ ਵਿੱਚ ਅਸਮਾਨ ’ਤੇ ਅੰਸ਼ਕ ਬੱਦਲ ਛਾਏ ਰਹੇ।
ਮੌਸਮ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਵਿਭਾਗ ਅਨੁਸਾਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ।
ਅਧਿਕਾਰਤ ਮੌਸਮੀ ਜਾਣਕਾਰੀ ਮੁਤਾਬਕ ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਉੱਪਰੀ ਹਵਾ ਦਾ ਚੱਕਰਵਾਤੀ ਘੇਰਾ ਬਣਿਆ ਹੋਇਆ ਹੈ, ਜਦਕਿ ਹਿਮਾਚਲ ਪ੍ਰਦੇਸ਼ ਉੱਪਰ ਪੱਛਮੀ ਗੜਬੜੀ ਸਰਗਰਮ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਬਣੀ ਹੋਈ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ, ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦਾ ਤਾਪਮਾਨ ਹੁਣ ਆਮ ਨਾਲੋਂ 2.1 ਡਿਗਰੀ ਘੱਟ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 33.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿੱਚ ਆਏ ਇਸ ਬਦਲਾਅ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉੱਥੇ ਹੀ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਦੀ ਸੰਭਾਲ ਕਿਸਾਨਾਂ ਲਈ ਚੁਣੌਤੀ ਬਣ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH