
ਨਿਊਯਾਰਕ (ਅਮਰੀਕਾ), 13 ਅਕਤੂਬਰ (ਹਿੰ.ਸ.)। ਹਾਲੀਵੁੱਡ ਅਦਾਕਾਰਾ ਸੇਲਮਾ ਬਲੇਅਰ ਨੂੰ ਜੌਨ ਐਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਲਾਸ ਏਂਜਲਸ ਤੋਂ ਡੈਲਟਾ ਏਅਰਲਾਈਨਜ਼ ਦੀ ਉਡਾਣ ਨਿਊਯਾਰਕ ਵਿੱਚ ਉਤਰਦੇ ਹੀ ਅਦਾਕਾਰਾ ਨੂੰ ਬਿਨਾਂ ਕੋਈ ਮੌਕਾ ਗੁਆਏ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਉਡਾਣ ਦੌਰਾਨ ਦੋ ਫਲਾਈਟ ਅਟੈਂਡੈਂਟਾਂ ’ਤੇ ਹਮਲਾ ਕਰਨ ਦਾ ਦੋਸ਼ ਹੈ। ਇੰਨਾ ਹੀ ਨਹੀਂ, ਬਲੇਅਰ 'ਤੇ ਹਸਪਤਾਲ ਲਿਜਾਂਦੇ ਸਮੇਂ ਇੱਕ ਮਹਿਲਾ ਪੁਲਿਸ ਅਧਿਕਾਰੀ ਅਤੇ ਇੱਕ ਨਰਸ ਨਾਲ ਵੀ ਕੁੱਟਮਾਰ ਕਰਨ ਦਾ ਵੀ ਦੋਸ਼ ਲੱਗਿਆ ਹੈ।
ਸੀਐਨਬੀਸੀ ਨੇ ਨਿਊਯਾਰਕ ਅਤੇ ਨਿਊ ਜਰਸੀ ਦੀ ਪੋਰਟ ਅਥਾਰਟੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਪੁਲਿਸ ਨੇ ਐਤਵਾਰ ਰਾਤ 11 ਵਜੇ ਦੇ ਕਰੀਬ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਬਲੇਅਰ ਅਤੇ ਜ਼ਖਮੀ ਫਲਾਈਟ ਅਟੈਂਡੈਂਟ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਬਲੇਅਰ ਨੇ ਹਮਲੇ ਦੌਰਾਨ ਫਲਾਈਟ ਅਟੈਂਡੈਂਟਾਂ ਨੂੰ ਕੱਟ ਲਿਆ। ਪੁਲਿਸ ਦਾ ਕਹਿਣਾ ਹੈ ਕਿ ਬਲੇਅਰ ਨੇ ਜਮੈਕਾ ਹਸਪਤਾਲ ਲਿਜਾਂਦੇ ਸਮੇਂ ਇੱਕ ਮਹਿਲਾ ਪੁਲਿਸ ਅਧਿਕਾਰੀ 'ਤੇ ਹਮਲਾ ਕੀਤਾ। ਇੱਕ ਨਰਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਦਾਕਾਰਾ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਬਲੇਅਰ 'ਤੇ ਸੋਮਵਾਰ ਦੇਰ ਸ਼ਾਮ ਕਵੀਨਜ਼ ਦੀ ਇੱਕ ਅਦਾਲਤ ਵਿੱਚ ਹਮਲੇ ਦੇ ਦੋ ਦੋਸ਼ ਲਗਾਏ ਗਏ। ਜੱਜ ਨੇ ਉਨ੍ਹਾਂ ਨੂੰ 20,000 ਡਾਲਰ ਨਕਦ ਬਾਂਡ ਜਾਂ 60,000 ਡਾਲਰ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ। ਅਗਲੀ ਅਦਾਲਤੀ ਸੁਣਵਾਈ 19 ਜਨਵਰੀ ਨੂੰ ਹੋਣੀ ਹੈ। ਡੈਲਟਾ ਏਅਰਲਾਈਨਜ਼ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਘਟਨਾ ਦੇ ਵੇਰਵੇ ਸਾਂਝੇ ਨਹੀਂ ਕੀਤੇ ਹਨ। 54 ਸਾਲਾ ਬਲੇਅਰ ਨੇ ਕਰੂਅਲ ਇੰਟੈਂਸ਼ਨਜ਼, ਲੀਗਲੀ ਬਲੌਂਡ ਅਤੇ ਹੈਲਬੌਏ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਵੀ ਮੀਡੀਆ ਨਾਲ ਗੱਲ ਨਹੀਂ ਕੀਤੀ। ਸੂਤਰਾਂ ਅਨੁਸਾਰ, ਘਟਨਾ ਸਮੇਂ ਬਲੇਅਰ ਦੇ ਨਾਲ ਡੌਗ ਵੀ ਸੀ। ਉਨ੍ਹਾਂ ਦੇ ਵਕੀਲ ਉਨ੍ਹਾਂ ਨੂੰ ਹਸਪਤਾਲ ਮਿਲਣ ਗਏ ਅਤੇ ਕੁੱਤੇ ਨੂੰ ਆਪਣੇ ਨਾਲ ਲੈ ਗਏ। ਬਲੇਅਰ ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਅਦਾਕਾਰਾ ਨੂੰ ਉਡਾਣ ਦੌਰਾਨ ਮਾਨਸਿਕ ਤੌਰ 'ਤੇ ਪਰੇਸ਼ਾਨੀ ਹੋਈ, ਜਿਸ ਕਾਰਨ ਇਹ ਕਥਿਤ ਘਟਨਾ ਵਾਪਰੀ। ਜ਼ਿਕਰਯੋਗ ਹੈ ਕਿ ਬਲੇਅਰ ਨੇ 2018 ਵਿੱਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਮਲਟੀਪਲ ਸਕਲੇਰੋਸਿਸ ਹੈ।
ਇਹ ਬਲੇਅਰ ਨਾਲ ਜੁੜੀ ਪਹਿਲੀ ਘਟਨਾ ਨਹੀਂ ਹੈ। ਉਨ੍ਹਾਂ ਨੇ 2016 ਵਿੱਚ ਕੈਨਕਨ ਤੋਂ ਲਾਸ ਏਂਜਲਸ ਜਾਣ ਵਾਲੀ ਇੱਕ ਫਲਾਈਟ ਵਿੱਚ ਹੰਗਾਮਾ ਮਚਾ ਦਿੱਤਾ ਸੀ। ਇਸ ਘਟਨਾ ਤੋਂ ਸਾਫ਼ ਹੋਇਆ ਸੀ ਕਿ ਸ਼ਰਾਬ ਅਤੇ ਦਵਾਈ ਲੈਣ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਨਹੀਂ ਰਹੀ ਅਤੇ ਉਨ੍ਹਾਂ ਨੇ ਆਪਣੇ ਵਿਵਹਾਰ ਲਈ ਵੀ ਮੁਆਫੀ ਮੰਗੀ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ