
ਮਾਲੇਰਕੋਟਲਾ, 14 ਅਕਤੂਬਰ (ਹਿੰ.ਸ.)| ਤਿਉਹਾਰਾਂ ਦੇ ਸੀਜ਼ਨ ਦੌਰਾਨ ਮਾਲੇਰਕੋਟਲਾ ਪੁਲਿਸ ਨੇ ਪਿੰਡ ਦੇਹਲੀਜ਼ ਕਲਾਂ ਵਿੱਚ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਅਤੇ ਵਿਸਫੋਟਕ ਸਮੱਗਰੀ ਤਿਆਰ ਕਰਨ ਤੇ ਸਟੋਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਵੱਡੀ ਮਾਤਰਾ ਵਿੱਚ ਸਮੱਗਰੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦਕਿ ਉੱਥੇ ਕੰਮ ਕਰ ਰਹੇ ਤਿੰਨ ਹੋਰ ਵਿਅਕਤੀਆਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਆਫ਼ਤਾਬ ਖ਼ਾਨ, ਹਾਲ ਵਾਸੀ ਦੇਹਲੀਜ਼ ਕਲਾਂ, ਜਲਾਲੂਦੀਨ ਉਰਫ਼ ਜਾਨੀ, ਵਾਸੀ ਦੇਹਲੀਜ਼ ਕਲਾਂ ਅਤੇ ਸੁਮਿਤ ਬਾਂਸਲ, ਵਾਸੀ ਬਾਂਸ ਬਾਜ਼ਾਰ, ਮਾਲੇਰਕੋਟਲਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ 13 ਅਕਤੂਬਰ ਦੀ ਸ਼ਾਮ ਨੂੰ ਥਾਣਾ ਸਦਰ ਅਹਿਮਦਗੜ੍ਹ ਦੀ ਟੀਮ ਗਸ਼ਤ ’ਤੇ ਸੀ। ਇਸ ਦੌਰਾਨ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਆਫ਼ਤਾਬ ਖ਼ਾਨ ਪਿੰਡ ਦੇਹਲੀਜ਼ ਕਲਾਂ ਸਥਿਤ ਸਾਇਮਨ ਪੈਲੇਸ ਵਿੱਚ ਪਟਾਕੇ ਬਣਾ ਰਿਹਾ ਹੈ। ਇਹ ਥਾਂ ਜਲਾਲੂਦੀਨ ਉਰਫ਼ ਜਾਨੀ ਦੀ ਦੱਸੀ ਗਈ ਹੈ। ਪੁਲਿਸ ਮੁਤਾਬਕ ਸੁਮਿਤ ਬਾਂਸਲ ਵੱਲੋਂ ਪਟਾਕੇ ਬਣਾਉਣ ਲਈ ਕੱਚਾ ਮਾਲ ਮੁਹੱਈਆ ਕਰਵਾਇਆ ਜਾ ਰਿਹਾ ਸੀ ਅਤੇ ਕਿਸੇ ਕੋਲ ਵੀ ਇਸ ਕੰਮ ਲਈ ਲੋੜੀਂਦਾ ਲਾਇਸੈਂਸ ਨਹੀਂ ਸੀ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਪਟਾਕੇ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ। ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ।
ਐੱਸਐੱਸਪੀ ਖੱਖ ਨੇ ਕਿਹਾ ਕਿ ਬਿਨਾਂ ਲਾਇਸੈਂਸ ਪਟਾਕੇ ਬਣਾਉਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਪੁਲਿਸ ਵੱਲੋਂ ਕੱਚਾ ਮਾਲ ਕਿੱਥੋਂ ਲਿਆਂਦਾ ਗਿਆ ਅਤੇ ਇਸ ਮਾਮਲੇ ਵਿੱਚ ਹੋਰ ਕੌਣ ਸ਼ਾਮਲ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਜਾਂ ਵਿਸਫੋਟਕ ਸਮੱਗਰੀ ਸਟੋਰ ਕਰਨ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਸੰਭਾਵੀ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH