ਤਪਾ ਅਨਾਜ ਮੰਡੀ ਵਿੱਚ ਕਰੰਟ ਲੱਗਣ ਨਾਲ ਦੋ ਨਾਬਾਲਗ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਤੀਜਾ ਗੰਭੀਰ ਜ਼ਖ਼ਮੀ
ਤਪਾ (ਬਰਨਾਲਾ), 14 ਅਕਤੂਬਰ (ਹਿੰ.ਸ.)| ਬਰਨਾਲਾ ਜ਼ਿਲ੍ਹੇ ਦੇ ਤਪਾ ਦੀ ਅਨਾਜ ਮੰਡੀ ਵਿੱਚ ਬੁੱਧਵਾਰ ਸਵੇਰੇ ਕਰੰਟ ਲੱਗਣ ਕਾਰਨ ਦੋ ਨਾਬਾਲਗ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਿਆ। ਜ਼ਖ਼ਮੀ ਮਜ਼ਦੂਰ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿ
ਤਪਾ ਅਨਾਜ ਮੰਡੀ ਵਿੱਚ ਕਰੰਟ ਲੱਗਣ ਨਾਲ ਦੋ ਨਾਬਾਲਗ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਤੀਜਾ ਗੰਭੀਰ ਜ਼ਖ਼ਮੀ


ਤਪਾ (ਬਰਨਾਲਾ), 14 ਅਕਤੂਬਰ (ਹਿੰ.ਸ.)| ਬਰਨਾਲਾ ਜ਼ਿਲ੍ਹੇ ਦੇ ਤਪਾ ਦੀ ਅਨਾਜ ਮੰਡੀ ਵਿੱਚ ਬੁੱਧਵਾਰ ਸਵੇਰੇ ਕਰੰਟ ਲੱਗਣ ਕਾਰਨ ਦੋ ਨਾਬਾਲਗ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਿਆ। ਜ਼ਖ਼ਮੀ ਮਜ਼ਦੂਰ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨੇ ਮਜ਼ਦੂਰ ਆੜ੍ਹਤ ਦੀ ਦੁਕਾਨ ’ਤੇ ਕੰਮ ਕਰਦਿਆਂ ਬਿਜਲੀ ਦੇ ਖੰਭੇ ਤੋਂ ਕੁਨੈਕਸ਼ਨ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ।

ਮ੍ਰਿਤਕਾਂ ਦੀ ਪਛਾਣ 16 ਸਾਲਾ ਸਚਿਨ ਕੁਮਾਰ, ਪੁੱਤਰ ਕੇਵਲ ਪਾਸਵਾਨ, ਅਤੇ ਰੁਦਰ ਪਾਸਵਾਨ ਵਜੋਂ ਹੋਈ ਹੈ। ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ। ਤੀਜੇ ਜ਼ਖ਼ਮੀ ਮਜ਼ਦੂਰ ਦੀ ਪਛਾਣ ਰਜਤ ਰਾਓ, ਪੁੱਤਰ ਲਖਮਨ ਰਾਓ, ਵਜੋਂ ਦੱਸੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਤਿੰਨੇ ਮਜ਼ਦੂਰ ਤਪਾ ਅਨਾਜ ਮੰਡੀ ਵਿੱਚ ਇੱਕ ਆੜ੍ਹਤ ਦੀ ਦੁਕਾਨ ’ਤੇ ਕੰਮ ਕਰ ਰਹੇ ਸਨ। ਬੁੱਧਵਾਰ ਸਵੇਰੇ ਜਦੋਂ ਉਹ ਬਿਜਲੀ ਦੇ ਖੰਭੇ ਤੋਂ ਕੁਨੈਕਸ਼ਨ ਜੋੜ ਰਹੇ ਸਨ ਤਾਂ ਉਨ੍ਹਾਂ ਦੀ ਲੋਹੇ ਦੀ ਪੌੜੀ ਨੇੜਿਓਂ ਲੰਘ ਰਹੀ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਬਿਜਲੀ ਲਾਈਨ ਨਾਲ ਟਕਰਾ ਗਈ।

ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਂਦਿਆਂ ਹੀ ਜ਼ੋਰਦਾਰ ਧਮਾਕਾ ਹੋਇਆ ਅਤੇ ਤਿੰਨੇ ਮਜ਼ਦੂਰ ਝੁਲਸ ਕੇ ਹੇਠਾਂ ਡਿੱਗ ਪਏ। ਇਸ ਹਾਦਸੇ ਵਿੱਚ ਸਚਿਨ ਕੁਮਾਰ ਅਤੇ ਰੁਦਰ ਪਾਸਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰਜਤ ਰਾਓ ਗੰਭੀਰ ਜ਼ਖ਼ਮੀ ਹੋ ਗਿਆ।

ਹਾਦਸੇ ਤੋਂ ਬਾਅਦ ਅਨਾਜ ਮੰਡੀ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਤੋਂ ਬਿਨਾਂ ਲੋੜੀਂਦੇ ਸੁਰੱਖਿਆ ਉਪਕਰਨਾਂ ਅਤੇ ਦਸਤਾਨਿਆਂ ਦੇ ਖ਼ਤਰਨਾਕ ਕੰਮ ਕਰਵਾਇਆ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਮੰਡੀ ਦੇ ਕਾਰੋਬਾਰੀ ਵੀ ਮੌਕੇ ’ਤੇ ਪਹੁੰਚੇ।

ਥਾਣਾ ਤਪਾ ਦੇ ਮੁਖੀ ਅਮਰੀਕ ਸਿੰਘ ਅਤੇ ਪੁਲਿਸ ਚੌਕੀ ਇੰਚਾਰਜ ਕੁਲਵੰਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤੀਆਂ ਹਨ। ਪੋਸਟਮਾਰਟਮ ਦੀ ਕਾਰਵਾਈ ਦੇ ਨਾਲ-ਨਾਲ ਹਾਦਸੇ ਦੇ ਕਾਰਨਾਂ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande