
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਖਰੀਫ਼ ਫ਼ਸਲ ਦੀ ਖਰੀਦ ਦਾ ਲਿਆ ਜਾਇਜ਼ਾ; ਹੁਣ ਤੱਕ ਖਰੀਦੇ ਝੋਨੇ ਵਿੱਚੋਂ 7.69 ਲੱਖ ਮੀਟ੍ਰਿਕ ਟਨ ਦੀ ਹੋਈ ਚੁਕਾਈ
ਚੰਡੀਗੜ੍ਹ, 15 ਅਕਤੂਬਰ (ਹਿੰ.ਸ.)| ਹਰਿਆਣਾ ਵਿੱਚ ਖਰੀਫ਼ ਮਾਰਕੀਟਿੰਗ ਸੀਜ਼ਨ 2026-27 ਦੌਰਾਨ ਝੋਨੇ ਦੀ ਸਰਕਾਰੀ ਖਰੀਦ ਜਾਰੀ ਹੈ। ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ 15.52 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 1,221 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਵੀਰਵਾਰ ਨੂੰ ਖਰੀਦ ਪ੍ਰਕਿਰਿਆ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਸੁਚਾਰੂ ਪ੍ਰਬੰਧ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਖਰੀਦ, ਝੋਨੇ ਦੀ ਚੁਕਾਈ, ਭੁਗਤਾਨ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਮੁੱਖ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ, ਖਰੀਦ ਏਜੰਸੀਆਂ, ਮੰਡੀ ਅਧਿਕਾਰੀਆਂ, ਢੁਆਈਕਾਰਾਂ ਅਤੇ ਚੌਲ ਮਿੱਲ ਮਾਲਕਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ’ਤੇ ਜ਼ੋਰ ਦਿੱਤਾ, ਤਾਂ ਜੋ ਖਰੀਦ ਅਤੇ ਚੁਕਾਈ ਦੀ ਰਫ਼ਤਾਰ ਤੇਜ਼ ਕੀਤੀ ਜਾ ਸਕੇ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਪ੍ਰਧਾਨ ਸਕੱਤਰ ਅਮਨੀਤ ਪੀ. ਕੁਮਾਰ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 21.27 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 15.52 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ, ਜਦਕਿ 7.69 ਲੱਖ ਮੀਟ੍ਰਿਕ ਟਨ ਝੋਨੇ ਦੀ ਚੁਕਾਈ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ 58 ਲੱਖ ਮੀਟ੍ਰਿਕ ਟਨ ਦਾ ਖਰੀਦ ਟੀਚਾ ਨਿਰਧਾਰਤ ਕੀਤਾ ਗਿਆ ਹੈ, ਜਿਸ ਦੇ ਮੁਕਾਬਲੇ ਸੂਬੇ ਨੇ ਹੁਣ ਤੱਕ ਲਗਭਗ 27 ਫ਼ੀਸਦੀ ਟੀਚਾ ਹਾਸਲ ਕੀਤਾ ਹੈ।
ਆਮ ਕਿਸਮ ਦੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨੇ ਦਾ 2,461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਪਾਰਦਰਸ਼ੀ ਤੋਲਾਈ, ਨਮੀ ਦੀ ਸਹੀ ਜਾਂਚ, ਗੇਟ ਪਾਸ ਜਾਰੀ ਕਰਨ ਅਤੇ ਡਿਜੀਟਲ ਤਸਦੀਕ ਦੀ ਪ੍ਰਕਿਰਿਆ ਸੁਚਾਰੂ ਰੱਖਣ ਲਈ ਕਿਹਾ।
ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ, ਆਮਦ ਦੇ ਮੁਕਾਬਲੇ ਨਿਲਾਮੀ ਵਿੱਚ ਕੁਰੂਕਸ਼ੇਤਰ 88.2 ਫ਼ੀਸਦੀ ਨਾਲ ਪਹਿਲੇ ਸਥਾਨ ’ਤੇ ਰਿਹਾ। ਯਮੁਨਾਨਗਰ ਵਿੱਚ ਇਹ ਅਨੁਪਾਤ 81.8 ਫ਼ੀਸਦੀ ਅਤੇ ਅੰਬਾਲਾ ਵਿੱਚ 80.7 ਫ਼ੀਸਦੀ ਦਰਜ ਕੀਤਾ ਗਿਆ। ਨਿਲਾਮੀ ਦੇ ਮੁਕਾਬਲੇ ਖਰੀਦ ਵਿੱਚ ਪੰਚਕੂਲਾ 93.7 ਫ਼ੀਸਦੀ ਨਾਲ ਅੱਗੇ ਰਿਹਾ, ਜਦਕਿ ਕੁਰੂਕਸ਼ੇਤਰ ਵਿੱਚ 92.4 ਫ਼ੀਸਦੀ ਅਤੇ ਕੈਥਲ ਵਿੱਚ 90.9 ਫ਼ੀਸਦੀ ਅਨੁਪਾਤ ਦਰਜ ਹੋਇਆ।
ਸਰਕਾਰ ਵੱਲੋਂ ਖਰੀਦ ਪ੍ਰਕਿਰਿਆ ਵਿੱਚ ਡਿਜੀਟਲ ਤਕਨੀਕ ਦੀ ਵਰਤੋਂ ਵੀ ਵਧਾਈ ਜਾ ਰਹੀ ਹੈ। ਹੁਣ ਤੱਕ 1,433 ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਅਤੇ 1,215 ਮਿੱਲਾਂ ਦੀ ਜੀਓ-ਫੈਂਸਿੰਗ ਆਧਾਰਿਤ ਤਸਦੀਕ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ, 1,52,136 ਕਿਸਾਨਾਂ ਦੀ ਆਧਾਰ ਆਧਾਰਿਤ ਬਾਇਓਮੈਟ੍ਰਿਕ ਤਸਦੀਕ ਕੀਤੀ ਗਈ ਹੈ। ਸੂਬੇ ਵਿੱਚ 249 ਨਿਰਧਾਰਤ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ 29 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਇਹ 15 ਨਵੰਬਰ ਤੱਕ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH