
ਚੰਡੀਗੜ੍ਹ, 16 ਅਕਤੂਬਰ (ਹਿੰ.ਸ.)| ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜੀਵਨ ਵਿੱਚ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਮੈਦਾਨ ਵਿੱਚ ਉਤਰਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਖੇਡਾਂ ਹੋਣ ਜਾਂ ਜੀਵਨ ਦਾ ਕੋਈ ਹੋਰ ਖੇਤਰ, ਸਫਲਤਾ ਲਈ ਲਗਾਤਾਰ ਯਤਨ ਕਰਨਾ ਪਹਿਲੀ ਸ਼ਰਤ ਹੈ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਿੱਤ ਜਾਂ ਹਾਰ ਤੋਂ ਨਿਰਾਸ਼ ਹੋਣ ਦੀ ਬਜਾਏ ਆਪਣੀ ਮਿਹਨਤ ਜਾਰੀ ਰੱਖਣ, ਕਿਉਂਕਿ ਹਰ ਕੋਸ਼ਿਸ਼ ਅੱਗੇ ਵਧਣ ਦਾ ਨਵਾਂ ਮੌਕਾ ਦਿੰਦੀ ਹੈ।
ਕੈਬਨਿਟ ਮੰਤਰੀ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਦੇ ਪ੍ਰਾਈਮ ਸਕਾਲਰਜ਼ ਇੰਟਰਨੈਸ਼ਨਲ ਸਕੂਲ ਵਿੱਚ ਸਮਾਲ ਸਾਈਡ ਹਰਿਆਣਾ ਫੁੱਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਰਾਓ ਮਹਾਬੀਰ ਸਿੰਘ ਮੈਮੋਰੀਅਲ ਸਮਾਲ ਸਾਈਡ ਇਨਵੀਟੇਸ਼ਨਲ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 16 ਤੋਂ 18 ਅਕਤੂਬਰ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ ਅੰਡਰ-14 ਅਤੇ ਅੰਡਰ-17 ਵਰਗ ਦੇ ਲੜਕੇ ਹਿੱਸਾ ਲੈ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ ਦੋ ਫ਼ੀਸਦੀ ਹੈ, ਪਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਕਾਮਨਵੈਲਥ ਖੇਡਾਂ, ਏਸ਼ਿਆਈ ਖੇਡਾਂ, ਪੈਰਾਲੰਪਿਕ ਅਤੇ ਓਲੰਪਿਕ ਵਰਗੇ ਵੱਡੇ ਮੁਕਾਬਲਿਆਂ ਵਿੱਚ ਹਰਿਆਣਾ ਦੇ ਖਿਡਾਰੀ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਸੂਬੇ ਦੀ ਖੇਡ ਸਫਲਤਾ ਦਾ ਆਧਾਰ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਨੌਜਵਾਨ ਪੀੜ੍ਹੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਵਿਕਸਤ ਭਾਰਤ ਦਾ ਅਰਥ ਸਿਰਫ਼ ਆਰਥਿਕ ਤਰੱਕੀ ਨਹੀਂ, ਸਗੋਂ ਖੇਡਾਂ, ਸਿਹਤ, ਵਾਤਾਵਰਣ ਦੀ ਸੰਭਾਲ, ਵਿਗਿਆਨ, ਤਕਨਾਲੋਜੀ ਅਤੇ ਸਮਾਜਿਕ ਵਿਹਾਰ ਸਮੇਤ ਹਰ ਖੇਤਰ ਵਿੱਚ ਵਿਕਾਸ ਕਰਨਾ ਹੈ।
ਮੰਤਰੀ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਅਤੇ ਪ੍ਰਤਿਭਾ ਦੀ ਸਕਾਰਾਤਮਕ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਖੇਡਾਂ ਦੇ ਨਾਲ-ਨਾਲ ਸਿੱਖਿਆ, ਹੁਨਰ ਵਿਕਾਸ, ਨਵੀਨਤਾ ਅਤੇ ਤਕਨੀਕੀ ਖੇਤਰ ਵਿੱਚ ਵੀ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮੁੜ ਵਿਸ਼ਵ ਪੱਧਰ 'ਤੇ ਮਾਣਮੱਤਾ ਸਥਾਨ ਦਿਵਾਉਣ ਲਈ ਹਰ ਖੇਤਰ ਵਿੱਚ ਉੱਤਮਤਾ ਹਾਸਲ ਕਰਨੀ ਜ਼ਰੂਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH