
ਖਿਡਾਰੀਆਂ ਨੂੰ 147 ਕਰੋੜ ਰੁਪਏ ਦੇ ਇਨਾਮ, ਸੂਬੇ ਵਿੱਚ 2,000 ਖੇਡ ਨਰਸਰੀਆਂ ਖੋਲ੍ਹੀਆਂ
ਚੰਡੀਗੜ੍ਹ, 17 ਅਕਤੂਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਮੌਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਆਪਣੀਆਂ ਪ੍ਰਮੁੱਖ ਤਰਜੀਹਾਂ ਦੱਸਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਪਰਚੀ ਅਤੇ ਬਿਨਾਂ ਖਰਚੀ ਦੇ 46,500 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਠੇਕਾ ਆਧਾਰਿਤ ਮੁਲਾਜ਼ਮਾਂ, ਤਕਨੀਕੀ ਸਿੱਖਿਆ ਦੇ ਗੈਸਟ ਫੈਕਲਟੀ, ਐਕਸਟੈਂਸ਼ਨ ਲੈਕਚਰਾਰਾਂ ਅਤੇ ਗੈਸਟ ਪ੍ਰੋਫੈਸਰਾਂ ਨੂੰ ਸੇਵਾ ਸੁਰੱਖਿਆ ਦਿੱਤੀ ਗਈ ਹੈ। ਗਰੁੱਪ-ਡੀ ਮੁਲਾਜ਼ਮਾਂ ਦੀ ਕਲਰਕ ਵਜੋਂ ਤਰੱਕੀ ਲਈ ਰਾਖਵਾਂ ਕੋਟਾ ਵੀ 20 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕੀਤਾ ਗਿਆ ਹੈ।
ਸੈਣੀ ਅਨੁਸਾਰ ਜੁਲਾਈ 2025 ਵਿੱਚ ਕਰਵਾਈ ਗਈ ਸੀਈਟੀ-ਸੀ ਪ੍ਰੀਖਿਆ ਵਿੱਚ 13.48 ਲੱਖ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਗਰੁੱਪ-ਡੀ ਲਈ ਮੁੜ ਸੀਈਟੀ ਕਰਵਾਉਣ ਵਾਸਤੇ 15.09 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸਰਕਾਰ ਨੇ 885 ਰੁਜ਼ਗਾਰ ਮੇਲਿਆਂ ਅਤੇ ਪਲੇਸਮੈਂਟ ਮੁਹਿੰਮਾਂ ਰਾਹੀਂ 11,162 ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀਆਂ ਦਿਵਾਈਆਂ ਹਨ।
ਉਨ੍ਹਾਂ ਦੱਸਿਆ ਕਿ ਸਕਸ਼ਮ ਯੁਵਾ ਯੋਜਨਾ ਤਹਿਤ 2.75 ਲੱਖ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ ਅਤੇ ਮਾਣਭੱਤੇ ਵਜੋਂ 657.27 ਕਰੋੜ ਰੁਪਏ ਦਿੱਤੇ ਗਏ ਹਨ। ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਹੁਨਰ ਵਿਕਾਸ ਲਈ ਉੱਤਮਤਾ ਕੇਂਦਰ ਅਤੇ ਕਰਨਾਲ, ਪਾਣੀਪਤ ਤੇ ਪੰਚਕੂਲਾ ਵਿੱਚ ਤਿੰਨ ਜ਼ਿਲ੍ਹਾ ਹੁਨਰ ਕੇਂਦਰ ਸਥਾਪਤ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਚੁਣੇ ਹੋਏ ਸਰਕਾਰੀ ਅਹੁਦਿਆਂ ਦੀ ਸਿੱਧੀ ਭਰਤੀ ਵਿੱਚ ਅਗਨੀਵੀਰਾਂ ਲਈ 20 ਫ਼ੀਸਦੀ ਖਿਤਿਜੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਬੇ ਦੀ ਅਗਨੀਵੀਰ ਨੀਤੀ ਦੇ ਦਾਇਰੇ ਵਿੱਚ ਆਉਂਦੇ ਗਰੁੱਪ-ਸੀ ਅਹੁਦਿਆਂ ਲਈ ਸਾਬਕਾ ਅਗਨੀਵੀਰਾਂ ਨੂੰ ਭਰਤੀ ਪ੍ਰੀਖਿਆਵਾਂ ਤੋਂ ਛੋਟ ਵੀ ਦਿੱਤੀ ਗਈ ਹੈ।
ਖੇਡਾਂ ਦੇ ਖੇਤਰ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ 1,319 ਤਮਗਾ ਜੇਤੂ ਖਿਡਾਰੀਆਂ ਨੂੰ 147.16 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਅਤੇ 42 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ। ਸੂਬੇ ਵਿੱਚ 2,000 ਖੇਡ ਨਰਸਰੀਆਂ ਅਤੇ ਪੇਂਡੂ ਖੇਤਰਾਂ ਵਿੱਚ 421 ਇਨਡੋਰ ਜਿਮ ਸਥਾਪਤ ਕੀਤੇ ਗਏ ਹਨ। ਖੇਡ ਬੁਨਿਆਦੀ ਢਾਂਚੇ ’ਤੇ 321 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH