
ਓਟਾਵਾ (ਕੈਨੇਡਾ), 19 ਅਕਤੂਬਰ (ਹਿੰ.ਸ.)। ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਕੈਨੇਡੀਅਨ ਫੋਰਸਿਜ਼ ਬੇਸ ਵੇਨਰਾਈਟ ਵਿੱਚ ਸ਼ਨੀਵਾਰ ਨੂੰ ਲੱਗੀ ਅੱਗ ਵਿੱਚ ਚਾਰ ਸੈਨਿਕਾਂ ਦੀ ਮੌਤ ਹੋ ਗਈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਦਰਜਨਾਂ ਹੋਰ ਗੰਭੀਰ ਰੂਪ ਵਿੱਚ ਝੁਲਸ ੜ ਗਏ ਹਨ ਅਤੇ ਉਨ੍ਹਾਂ ਨੇ ਘਟਨਾ ਦੇ ਵੇਰਵੇ ਮੰਗੇ ਹਨ।
ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ, ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ 39 ਲੋਕ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 19 ਦੀ ਹਾਲਤ ਗੰਭੀਰ ਹੈ। ਸਮਿਥ ਨੇ ਦੱਸਿਆ ਕਿ ਪੀੜਤਾਂ ਨੂੰ ਕੈਨੇਡੀਅਨ ਫੋਰਸਿਜ਼ ਬੇਸ ਵੇਨਰਾਈਟ ਤੋਂ ਅਲਬਰਟਾ ਦੇ ਚਾਰ ਵੱਖ-ਵੱਖ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਮ੍ਰਿਤਕਾਂ ਵਿੱਚ ਸਾਰਜੈਂਟ ਮੋਰਗਨ ਵੋਂਗ, ਸ਼ੌਨ ਫੈਰਲ, ਏਡਨ ਗੋਲਡਿੰਗ ਅਤੇ ਹੇਡਨ ਲਿੱਕਮਾਰਕ ਸ਼ਾਮਲ ਹਨ।
ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ, ‘‘ਮੈਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਬੇਸ 'ਤੇ ਹੋਈ ਇੱਕ ਘਟਨਾ ਦੇ ਨਤੀਜੇ ਵਜੋਂ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਪਹਿਲੀ ਕੈਨੇਡੀਅਨ ਡਿਵੀਜ਼ਨ ਦੇ ਕਮਾਂਡਰ ਮੇਜਰ-ਜਨਰਲ ਵੇਡ ਰਟਲੈਂਡ ਨੇ ਐਤਵਾਰ ਨੂੰ ਦੱਸਿਆ ਕਿ ਸਿਖਲਾਈ ਅਭਿਆਸ ਦੌਰਾਨ ਘਾਹ ਦੀ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਦੇ ਸ਼ੁਰੂਆਤੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਟਲੈਂਡ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ