
ਚਾਰ ਰੋਜ਼ਾ ਮੇਲੇ 'ਚ 300 ਸਟਾਲਾਂ 'ਤੇ ਮਿਲਣਗੇ ਦਸਤਕਾਰੀ ਤੇ ਦੀਵਾਲੀ ਦੇ ਸਾਮਾਨ 26 ਅਕਤੂਬਰ ਨੂੰ ਮਨੋਹਰ ਲਾਲ ਕਰਨਗੇ ਸਮਾਪਤੀ, ਕੰਵਰ ਗਰੇਵਾਲ ਦੀ ਸੂਫ਼ੀਆਨਾ ਪੇਸ਼ਕਾਰੀ ਬਣੇਗੀ ਖਿੱਚ ਦਾ ਕੇਂਦਰ
ਚੰਡੀਗੜ੍ਹ, 20 ਅਕਤੂਬਰ (ਹਿੰ.ਸ.)| ਹਰਿਆਣਾ ਦੀ ਸੱਭਿਆਚਾਰਕ ਵਿਰਾਸਤ, ਲੋਕ ਕਲਾਵਾਂ ਅਤੇ ਰਵਾਇਤੀ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਫਰੀਦਾਬਾਦ ਸਥਿਤ ਸੂਰਜਕੁੰਡ ਮੇਲਾ ਕੰਪਲੈਕਸ ਵਿੱਚ 23 ਤੋਂ 26 ਅਕਤੂਬਰ ਤੱਕ ਤੀਜਾ ਸੂਰਜਕੁੰਡ ਦੀਵਾਲੀ ਮੇਲਾ ਲਗਾਇਆ ਜਾਵੇਗਾ। ਮੇਲੇ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ, ਜਦਕਿ 26 ਅਕਤੂਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਸੂਬੇ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ।
ਚਾਰ ਰੋਜ਼ਾ ਇਹ ਮੇਲਾ ਦੀਵਾਲੀ ਦੀਆਂ ਖੁਸ਼ੀਆਂ ਦੇ ਨਾਲ ਭਾਰਤੀ ਕਲਾ, ਸੱਭਿਆਚਾਰ, ਲੋਕ ਸੰਗੀਤ, ਰਵਾਇਤੀ ਪਕਵਾਨਾਂ ਅਤੇ ਪਰਿਵਾਰਕ ਮਨੋਰੰਜਨ ਦਾ ਅਨੋਖਾ ਸੰਗਮ ਹੋਵੇਗਾ। ਮੇਲੇ ਵਿੱਚ ਲਗਭਗ 300 ਸਟਾਲਾਂ ਲਗਾਈਆਂ ਜਾਣਗੀਆਂ, ਜਿੱਥੇ ਦੇਸ਼ ਭਰ ਦੇ ਕਾਰੀਗਰ ਆਪਣੇ ਹੱਥਾਂ ਨਾਲ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨਗੇ। ਸੈਲਾਨੀਆਂ ਨੂੰ ਦੀਵਾਲੀ ਦੀ ਖਰੀਦਦਾਰੀ ਲਈ ਇੱਕੋ ਥਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਮਿਲਣਗੀਆਂ।
ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੂਰਜਕੁੰਡ ਦੀਵਾਲੀ ਮੇਲਾ ਸਿਰਫ਼ ਖਰੀਦਦਾਰੀ ਅਤੇ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਪੁਰਾਤਨ ਕਲਾਵਾਂ ਨੂੰ ਸੰਭਾਲਣ ਦਾ ਮਹੱਤਵਪੂਰਨ ਮੰਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਥਾਨਕ ਦਸਤਕਾਰਾਂ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੇ ਉਤਪਾਦਾਂ ਨੂੰ ਵੱਡੀ ਮੰਡੀ ਤੱਕ ਪਹੁੰਚਾਉਣਾ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਹੈ।
ਮੇਲੇ ਦੇ ਸਟਾਲਾਂ 'ਤੇ ਹੱਥਖੱਡੀ ਦੇ ਉਤਪਾਦ, ਰਵਾਇਤੀ ਕਲਾਕ੍ਰਿਤੀਆਂ, ਘਰ ਦੀ ਸਜਾਵਟ ਦਾ ਸਾਮਾਨ ਅਤੇ ਦੀਵਾਲੀ ਨਾਲ ਸਬੰਧਤ ਵਸਤਾਂ ਉਪਲਬਧ ਹੋਣਗੀਆਂ। ਇਸ ਨਾਲ ਕਾਰੀਗਰਾਂ ਨੂੰ ਆਪਣੀ ਕਲਾ ਦਿਖਾਉਣ ਅਤੇ ਸਿੱਧੇ ਗਾਹਕਾਂ ਨਾਲ ਜੁੜਨ ਦਾ ਮੌਕਾ ਮਿਲੇਗਾ।
ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਇਸ ਤੋਂ ਇਲਾਵਾ ਲੋਕ ਕਲਾਕਾਰਾਂ ਅਤੇ ਰਵਾਇਤੀ ਨਾਚ ਟੋਲੀਆਂ ਵੱਲੋਂ ਵੀ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।
ਡਾ. ਅਰਵਿੰਦ ਸ਼ਰਮਾ ਨੇ ਦਿੱਲੀ-ਐੱਨਸੀਆਰ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਦੇ ਨਾਲ ਸਥਾਨਕ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH