
ਗੋਇੰਦਵਾਲ ਸਾਹਿਬ (ਤਰਨਤਾਰਨ), 25 ਅਕਤੂਬਰ (ਹਿੰ.ਸ.)| ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਪ੍ਰਸ਼ਾਸਨ ਵੱਲੋਂ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਕੈਦੀਆਂ ਕੋਲੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਅਤੇ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ। ਬਰਾਮਦ ਕੀਤੇ ਸਾਮਾਨ ਵਿੱਚ 6 ਟੱਚਸਕ੍ਰੀਨ ਮੋਬਾਈਲ ਫੋਨ, ਸਿਮ ਕਾਰਡ, ਹੈੱਡਫੋਨ, ਏਅਰਪੌਡ ਅਤੇ ਚਾਰਜਰ ਸ਼ਾਮਲ ਹਨ। ਇਸ ਤੋਂ ਇਲਾਵਾ 17 ਬੰਡਲ ਬੀੜੀਆਂ ਅਤੇ ਜ਼ਰਦੇ ਦੀ ਇੱਕ ਪੁੜੀ ਵੀ ਮਿਲੀ ਹੈ। ਜੇਲ੍ਹ ਪ੍ਰਸ਼ਾਸਨ ਨੇ ਬਰਾਮਦ ਕੀਤਾ ਸਾਰਾ ਸਾਮਾਨ ਅਗਲੀ ਕਾਨੂੰਨੀ ਕਾਰਵਾਈ ਲਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਡੀਐੱਸਪੀ ਹਰਿੰਦਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸਰਾਜ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ। ਏਐੱਸਆਈ ਰਾਜੀਵ ਕੁਮਾਰ ਅਤੇ ਏਐੱਸਆਈ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਸਬੰਧਤ ਕੈਦੀਆਂ ਖ਼ਿਲਾਫ਼ ਪ੍ਰਿਜ਼ਨ ਐਕਟ ਦੀਆਂ ਧਾਰਾਵਾਂ ਤਹਿਤ ਦੋ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਹਨ।
ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਫੋਨ, ਸਿਮ ਕਾਰਡ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਕਿਹੜੇ ਤਰੀਕੇ ਨਾਲ ਪਹੁੰਚਿਆ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ। ਜੇਲ੍ਹ ਅੰਦਰੋਂ ਮੋਬਾਈਲ ਫੋਨਾਂ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਦੀ ਬਰਾਮਦਗੀ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH