ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ ’ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਸਰਕਾਰ ਨੇ ਰੱਖਿਆ 50 ਕਰੋੜ ਦਾ ਬਜਟ
2.42 ਲੱਖ ਤੋਂ ਵੱਧ ਕਿਸਾਨਾਂ ਨੂੰ ਹੋਵੇਗਾ ਲਾਭ, 4,250 ਰੁਪਏ ਕੁਇੰਟਲ ਵਾਲਾ ਬੀਜ 2,250 ਰੁਪਏ ਵਿੱਚ ਮਿਲੇਗਾ: ਗੁਰਮੀਤ ਸਿੰਘ ਖੁੱਡੀਆਂ ਚੰਡੀਗੜ੍ਹ, 25 ਅਕਤੂਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਅਤੇ ਖੇਤੀਬਾੜੀ ਦੀ ਲਾਗਤ ਘਟਾਉਣ ਲਈ ਕਣਕ ਦੇ ਪ੍ਰਮਾਣਿਤ ਬੀਜਾਂ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ


2.42 ਲੱਖ ਤੋਂ ਵੱਧ ਕਿਸਾਨਾਂ ਨੂੰ ਹੋਵੇਗਾ ਲਾਭ, 4,250 ਰੁਪਏ ਕੁਇੰਟਲ ਵਾਲਾ ਬੀਜ 2,250 ਰੁਪਏ ਵਿੱਚ ਮਿਲੇਗਾ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 25 ਅਕਤੂਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਅਤੇ ਖੇਤੀਬਾੜੀ ਦੀ ਲਾਗਤ ਘਟਾਉਣ ਲਈ ਕਣਕ ਦੇ ਪ੍ਰਮਾਣਿਤ ਬੀਜਾਂ ’ਤੇ 50 ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ 50 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਸੂਬੇ ਦੇ 2,42,218 ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ।

ਮੰਤਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਵੱਲੋਂ ਸਿਫ਼ਾਰਸ਼ ਕੀਤੇ ਪ੍ਰਮਾਣਿਤ ਕਣਕ ਦੇ ਬੀਜ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਏ ਜਾਣਗੇ। ਇਸ ਤਹਿਤ ਵੱਧ ਤੋਂ ਵੱਧ 2,000 ਰੁਪਏ ਪ੍ਰਤੀ ਹੈਕਟੇਅਰ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ 4,250 ਰੁਪਏ ਪ੍ਰਤੀ ਕੁਇੰਟਲ ਕੀਮਤ ਵਾਲਾ ਪ੍ਰਮਾਣਿਤ ਕਣਕ ਦਾ ਬੀਜ ਕਿਸਾਨਾਂ ਨੂੰ 2,250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲੇਗਾ। ਬੀਜ ਖਰੀਦਣ ਸਮੇਂ ਹੀ 2,000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਘਟਾ ਦਿੱਤੀ ਜਾਵੇਗੀ।

ਇਹ ਸਹਾਇਤਾ ਬੀਜ ਦੀ ਕੁੱਲ ਲਾਗਤ ਦੇ 50 ਫ਼ੀਸਦੀ ਜਾਂ 2,000 ਰੁਪਏ ਪ੍ਰਤੀ ਹੈਕਟੇਅਰ, ਜੋ ਵੀ ਘੱਟ ਹੋਵੇ, ਦੇ ਅਨੁਸਾਰ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ ਦੇ ਨਾਲ ਅਗਲੀ ਫ਼ਸਲ ਲਈ ਬੀਜ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ।

ਮੰਤਰੀ ਅਨੁਸਾਰ, ਯੋਗ ਕਿਸਾਨ ਆਪਣੇ ਆਧਾਰ ਕਾਰਡ ਸਮੇਤ ਸਬੰਧਤ ਜ਼ਿਲ੍ਹਾ ਜਾਂ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨ ਨਿਰਧਾਰਤ ਪੋਰਟਲ www.agrimachinerypb.com ਰਾਹੀਂ ਵੀ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਦੀ ਪਛਾਣ ਆਧਾਰ ਨਾਲ ਜੁੜੇ ਓਟੀਪੀ ਰਾਹੀਂ ਤਸਦੀਕ ਕੀਤੀ ਜਾਵੇਗੀ। ਇਹ ਯੋਜਨਾ ਕ੍ਰਿਸ਼ੀ ਉੱਨਤੀ ਯੋਜਨਾ ਅਧੀਨ ਨੈਸ਼ਨਲ ਫੂਡ ਸਕਿਓਰਿਟੀ ਐਂਡ ਨਿਊਟ੍ਰੀਸ਼ਨ ਮਿਸ਼ਨ ਦੇ ਸੀਡ ਕੰਪੋਨੈਂਟ ਤਹਿਤ ਲਾਗੂ ਕੀਤੀ ਜਾ ਰਹੀ ਹੈ।

ਖੁੱਡੀਆਂ ਨੇ ਦੱਸਿਆ ਕਿ ਸਬਸਿਡੀ ਸਿਰਫ਼ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਅਤੇ ਆਈਸੀਏਆਰ ਜਾਂ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ, 10 ਸਾਲ ਤੱਕ ਪੁਰਾਣੀਆਂ ਪ੍ਰਮਾਣਿਤ ਕਣਕ ਦੀਆਂ ਕਿਸਮਾਂ ’ਤੇ ਲਾਗੂ ਹੋਵੇਗੀ। ਫੰਡਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਯੋਗਤਾ ਅਤੇ ਰਿਕਾਰਡ ਦੀ ਜਾਂਚ, ਲਾਭਪਾਤਰੀਆਂ ਦੀ ਤਸਦੀਕ ਅਤੇ ਦੋ ਸਾਲਾਂ ਦੀ ਉਡੀਕ ਮਿਆਦ ਸਬੰਧੀ ਨਿਯਮ ਵੀ ਲਾਗੂ ਹੋਣਗੇ।

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਰਜ਼ੀ ਦੇਣ ਲਈ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਨ ਅਤੇ ਸਿਰਫ਼ ਵਿਭਾਗ ਦੀਆਂ ਅਧਿਕਾਰਤ ਸੂਚਨਾਵਾਂ ’ਤੇ ਹੀ ਭਰੋਸਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਦੇ ਨਾਲ ਕਣਕ ਦੀ ਫ਼ਸਲ ਲਈ ਮਿਆਰੀ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande