ਪਟਿਆਲਾ ’ਚ ਫੂਡ ਸੇਫਟੀ ਟੀਮ ਦੀ ਕਾਰਵਾਈ, 5 ਕੁਇੰਟਲ ਤੋਂ ਵੱਧ ਘਿਓ ਜ਼ਬਤ
ਪਟਿਆਲਾ, 25 ਅਕਤੂਬਰ (ਹਿੰ.ਸ.)| ਤਿਉਹਾਰਾਂ ਦੇ ਸੀਜ਼ਨ ਦੌਰਾਨ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਵਿਭਾਗ ਪਟਿਆਲਾ ਵੱਲੋਂ ਜਾਂਚ ਅਤੇ ਨਮੂਨੇ ਲੈਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਗੁੜ ਮੰਡੀ ਅਤੇ ਜੇਲ੍ਹ ਰੋ
ਚੈਕਿੰਗ ਕਰਦੀ ਹੋਈ ਫੂਡ ਸੇਫਟੀ ਦੀ ਟੀਮ।


ਪਟਿਆਲਾ, 25 ਅਕਤੂਬਰ (ਹਿੰ.ਸ.)| ਤਿਉਹਾਰਾਂ ਦੇ ਸੀਜ਼ਨ ਦੌਰਾਨ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਪਦਾਰਥ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਵਿਭਾਗ ਪਟਿਆਲਾ ਵੱਲੋਂ ਜਾਂਚ ਅਤੇ ਨਮੂਨੇ ਲੈਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਗੁੜ ਮੰਡੀ ਅਤੇ ਜੇਲ੍ਹ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਖੁਰਾਕੀ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਰਾਜੇਸ਼ ਟਰੇਡਰਜ਼ ਤੋਂ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਕੀਤਾ ਗਿਆ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ ਮੁਹਿੰਮ ਦੌਰਾਨ ਕੁੱਲ 10 ਖੁਰਾਕੀ ਨਮੂਨੇ ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿੱਚ ਘਿਓ ਦੇ ਚਾਰ ਅਤੇ ਬਦਾਮ ਗਿਰੀ ਦਾ ਇੱਕ ਨਮੂਨਾ ਵੀ ਸ਼ਾਮਲ ਹੈ। ਸਾਰੇ ਨਮੂਨੇ ਗੁਣਵੱਤਾ, ਸ਼ੁੱਧਤਾ ਅਤੇ ਖੁਰਾਕ ਸੁਰੱਖਿਆ ਦੇ ਨਿਰਧਾਰਤ ਮਾਪਦੰਡਾਂ ਦੀ ਜਾਂਚ ਲਈ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਹਨ।

ਉਨ੍ਹਾਂ ਦੱਸਿਆ ਕਿ ਰਾਜੇਸ਼ ਟਰੇਡਰਜ਼ ਤੋਂ ਘਿਓ ਦਾ ਵੱਡਾ ਸਟਾਕ ਜ਼ਬਤ ਕਰਨ ਦੀ ਕਾਰਵਾਈ ਉਤਪਾਦ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਬਾਰੇ ਸ਼ੱਕ ਪੈਦਾ ਹੋਣ ’ਤੇ ਕੀਤੀ ਗਈ ਹੈ। ਜ਼ਬਤ ਕੀਤੇ ਸਟਾਕ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਿਰਾਸਤ ਵਿੱਚ ਲਿਆ ਗਿਆ ਹੈ। ਲੈਬ ਰਿਪੋਰਟਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਦੀ ਇਸ ਮੁਹਿੰਮ ਦਾ ਮੁੱਖ ਉਦੇਸ਼ ਘਟੀਆ ਜਾਂ ਅਸੁਰੱਖਿਅਤ ਖੁਰਾਕੀ ਵਸਤਾਂ ਦੀ ਵਿਕਰੀ ਨੂੰ ਰੋਕਣਾ ਅਤੇ ਲੋਕਾਂ ਦੀ ਸਿਹਤ ਦੀ ਰੱਖਿਆ ਕਰਨਾ ਹੈ। ਤਿਉਹਾਰਾਂ ਦੌਰਾਨ ਘਿਓ ਅਤੇ ਹੋਰ ਖੁਰਾਕੀ ਵਸਤਾਂ ਦੀ ਮੰਗ ਵਧਣ ਕਾਰਨ ਅਜਿਹੀਆਂ ਜਾਂਚਾਂ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਹਨ।

ਉਨ੍ਹਾਂ ਖੁਰਾਕੀ ਕਾਰੋਬਾਰੀਆਂ ਨੂੰ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਕਰਨ, ਭਰੋਸੇਯੋਗ ਸਰੋਤਾਂ ਤੋਂ ਵਸਤਾਂ ਖਰੀਦਣ ਅਤੇ ਖਰੀਦ ਤੇ ਸਪਲਾਈ ਦੇ ਲੋੜੀਂਦੇ ਰਿਕਾਰਡ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਭੋਜਨ ਪਦਾਰਥ ਖਰੀਦਣ ਸਮੇਂ ਲੇਬਲ ਅਤੇ ਪੈਕੇਜਿੰਗ ਦੀ ਜਾਂਚ ਕਰਨ ਅਤੇ ਮਿਲਾਵਟ ਜਾਂ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਸਬੰਧੀ ਸ਼ੱਕ ਹੋਣ ’ਤੇ ਵਿਭਾਗ ਨੂੰ ਸੂਚਿਤ ਕਰਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande