
ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ ਦੁਪਹਿਰ 2 ਵਜੇ ਹੋਵੇਗਾ ਮੁਕਾਬਲਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ’ਤੇ ਜ਼ੋਰ
ਸੁਲਤਾਨਪੁਰ ਲੋਧੀ, 27 ਅਕਤੂਬਰ (ਹਿੰ.ਸ.)| ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 28 ਅਕਤੂਬਰ ਨੂੰ ਵਿਸ਼ੇਸ਼ ਕ੍ਰਿਕਟ ਮੈਚ ਕਰਵਾਇਆ ਜਾਵੇਗਾ। ਇਸ ਮੁਕਾਬਲੇ ਵਿੱਚ ਲਾਟੀਆਂਵਾਲ ਅਤੇ ਤੋਤੀ ਪਿੰਡਾਂ ਦੀਆਂ ਯੂਥ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਸੁਲਤਾਨਪੁਰ ਲੋਧੀ ਜਸਜੀਤ ਸਿੰਘ ਅਤੇ ਸਹਾਇਕ ਪੁਲਿਸ ਕਪਤਾਨ (ਏ.ਐੱਸ.ਪੀ.) ਧੀਰੇਂਦਰ ਵਰਮਾ ਨੇ ਦੱਸਿਆ ਕਿ ਇਹ ਮੈਚ 28 ਅਕਤੂਬਰ ਨੂੰ ਦੁਪਹਿਰ 2 ਵਜੇ ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜ ਕੇ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਦੇ ਨਾਲ-ਨਾਲ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰਸ਼ਾਸਨ ਦੇ ਨਾਲ-ਨਾਲ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ।
ਇਹ ਕ੍ਰਿਕਟ ਮੈਚ ਲਾਟੀਆਂਵਾਲ ਅਤੇ ਤੋਤੀ ਪਿੰਡਾਂ ਦੇ ਸਰਪੰਚਾਂ ਅਤੇ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਉਪਰਾਲੇ ਵਿੱਚ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।
ਐੱਸ.ਡੀ.ਐੱਮ. ਅਤੇ ਏ.ਐੱਸ.ਪੀ. ਨੇ ਇਲਾਕੇ ਦੇ ਨੌਜਵਾਨਾਂ ਅਤੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਚ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਹਿੰਦੂਸਥਾਨ ਸਮਾਚਾਰ / GURSHARAN SINGH